
24 ਫੀ ਸਦੀ ਦਾ ਵਾਧਾ ਹੋਇਆ
ਨਵੀਂ ਦਿੱਲੀ: ਬਿਹਤਰ ਮੰਗ ਬਦੌਲਤ ਦਿੱਲੀ-ਐਨ.ਸੀ.ਆਰ. ਦੇ ਮੁਢਲੇ ਰਿਹਾਇਸ਼ੀ ਬਾਜ਼ਾਰ ਵਿਚ ਜੁਲਾਈ-ਸਤੰਬਰ ਦੀ ਮਿਆਦ ਦੌਰਾਨ ਸਾਲਾਨਾ ਔਸਤਨ 24 ਫੀ ਸਦੀ ਦਾ ਵਾਧਾ ਹੋਇਆ ਹੈ, ਖ਼ਾਸਕਰ ਆਲੀਸ਼ਾਨ ਘਰਾਂ ਲਈ।
ਰੀਅਲ ਅਸਟੇਟ ਸਲਾਹਕਾਰ ਐਨਾਰਾਕ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦਿੱਲੀ-ਐਨ.ਸੀ.ਆਰ. ਵਿਚ ਜੁਲਾਈ-ਸਤੰਬਰ ਦੌਰਾਨ ਰਿਹਾਇਸ਼ੀ ਜਾਇਦਾਦਾਂ ਦੀ ਔਸਤ ਕੀਮਤ 8,900 ਰੁਪਏ ਪ੍ਰਤੀ ਵਰਗ ਫੁੱਟ ਰਹੀ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 7,200 ਰੁਪਏ ਪ੍ਰਤੀ ਵਰਗ ਫੁੱਟ ਸੀ। ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ, ਦਿੱਲੀ ਅਤੇ ਗਾਜ਼ੀਆਬਾਦ ਦਿੱਲੀ-ਐਨ.ਸੀ.ਆਰ. ਦੇ ਪ੍ਰਮੁੱਖ ਬਾਜ਼ਾਰ ਹਨ।
ਕੁਲ ਮਿਲਾ ਕੇ, ਭਾਰਤ ਦੇ ਸੱਤ ਵੱਡੇ ਸ਼ਹਿਰਾਂ ’ਚ, ਸਲਾਹਕਾਰ ਨੇ ਦਸਿਆ ਕਿ ਮਕਾਨਾਂ ਦੀਆਂ ਕੀਮਤਾਂ 8,390 ਰੁਪਏ ਪ੍ਰਤੀ ਵਰਗ ਫੁੱਟ ਤੋਂ 9 ਫ਼ੀ ਸਦੀ ਵਧ ਕੇ 9,105 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਸੱਤ ਸ਼ਹਿਰਾਂ ’ਚ ਦਿੱਲੀ-ਐਨ.ਸੀ.ਆਰ. ’ਚ ਸੱਭ ਤੋਂ ਵੱਧ 24 ਫੀ ਸਦੀ ਦਾ ਵਾਧਾ ਹੋਇਆ ਹੈ।
ਮੁੰਬਈ ਮੈਟਰੋਪੋਲੀਟਨ ਰੀਜਨ (ਐਮ.ਐਮ.ਆਰ.) ਸੱਭ ਤੋਂ ਮਹਿੰਗਾ ਰਿਹਾਇਸ਼ੀ ਬਾਜ਼ਾਰ ਰਿਹਾ। ਐਮ.ਐਮ.ਆਰ. ਵਿਚ ਮਕਾਨਾਂ ਦੀਆਂ ਕੀਮਤਾਂ 16,300 ਰੁਪਏ ਪ੍ਰਤੀ ਵਰਗ ਫੁੱਟ ਤੋਂ 6 ਫ਼ੀ ਸਦੀ ਵਧ ਕੇ 17,230 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਬੈਂਗਲੁਰੂ ’ਚ ਕੀਮਤਾਂ 10 ਫੀ ਸਦੀ ਵਧ ਕੇ 8,870 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ।
ਪੁਣੇ ’ਚ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ 7,600 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 7,935 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਹੈਦਰਾਬਾਦ ’ਚ ਕੀਮਤਾਂ 8 ਫੀ ਸਦੀ ਵਧ ਕੇ 7,750 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਚੇਨਈ ’ਚ ਮਕਾਨਾਂ ਦੀਆਂ ਔਸਤ ਕੀਮਤਾਂ 6,680 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 7,010 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ।
ਕੋਲਕਾਤਾ ’ਚ ਜੁਲਾਈ-ਸਤੰਬਰ ’ਚ ਮਕਾਨਾਂ ਦੀਆਂ ਕੀਮਤਾਂ 6 ਫੀ ਸਦੀ ਵਧ ਕੇ 6,060 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 5,700 ਰੁਪਏ ਪ੍ਰਤੀ ਵਰਗ ਫੁੱਟ ਸਨ। (ਪੀਟੀਆਈ)