
ਜ਼ਹਿਰੀਲਾ ਕਫ਼ ਸਿਰਪ ਲਿਖਣ ਵਾਲੇ ਡਾਕਟਰ ਨੂੰ ਕੀਤਾ ਗਿਆ ਗ੍ਰਿਫ਼ਤਾਰ
ਛਿੰਦਵਾੜਾ : ਮੱਧ ਪ੍ਰਦੇਸ਼ ਦੇ ਛਿੰਦਵਾੜਾ ’ਚ 10 ਬੱਚਿਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਜ਼ਹਿਰੀਲਾ ਕਫ਼ ਸਿਰਪ ਲਿਖਣ ਵਾਲੇ ਡਾਕਟਰ ਪ੍ਰਵੀਨ ਸੋਨੀ ਨੂੰ ਸ਼ਨੀਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਰਾਸਿਆ ਥਾਣੇ ’ਚ ਡਾਕਟਰ ਪ੍ਰਵੀਨ ਸੋਨੀ ਅਤੇ ਕੋਲਡ੍ਰਿਫ ਸਿਰਪ ਬਣਾਉਣ ਵਾਲੀ ਕੰਪਨੀ ਸ੍ਰੇਸੁਨ ਫਾਰਮਾਸਿਊਟੀਕਲ ਦੇ ਸੰਚਾਲਕਾਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਮਾਮਲੇ ’ਚ ਡਰਗ ਅਤੇ ਕਾਸਮੈਟਿਕ ਐਕਟ ਦੀ ਧਾਰਾ 27 (ਏ), ਬੀ.ਐਨ.ਐਸ. ਦੀ ਧਾਰਾ 105 ਅਤੇ 276 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡਾਕਟਰ ਦੇ ਖਿਲਾਫ਼ ਪਰਾਸਿਆ ਸੀ.ਐਚ.ਸੀ. ਤੋਂ ਬੀ.ਐਮ.ਓ ਅੰਕਿਤ ਸਹਲਾਮ ਨੇ ਸ਼ਿਕਾਇਤ ਕੀਤੀ ਸੀ। ਛਿੰਦਵਾੜਾ ’ਚ ਮਰਨ ਵਾਲੇ ਜ਼ਿਆਦਾਤਰ ਬੱਚਿਆਂ ਨੂੰ ਕਫ਼ ਸਿਰਪ ਡਾਕਟਰ ਪ੍ਰਵੀਨ ਸੋਨੀ ਨੇ ਹੀ ਲਿਖੀ ਸੀ। ਜਿਸ ਸਿਰਪ ਨਾਲ ਬੱਚਿਆਂ ਦੀ ਮੌਤ ਹੋਈ ਸੀ, ਉਸ ਦੀ ਜਾਂਚ ਰਿਪੋਰਟ ਸ਼ਨੀਵਾਰ ਦੇਰ ਰਾਤ ਆਈ ਸੀ। ਰਿਪੋਰਟ ’ਚ ਪਾਇਆ ਗਿਆ ਕਿ ਕੋਲਡ੍ਰਿਫ ਕਫ਼ ਸਿਰਪ ’ਚ ਡਾਇਥਿਲੀਨ ਗਲਾਈਕੋਲ ਦੀ ਮਾਤਰਾ 48.6 ਫ਼ੀਸਦੀ ਸੀ, ਜਿਸ ਨਾਲ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ 7 ਸਤੰਬਰ ਨੂੰ ਸ਼ੱਕੀ ਕਿਡਨੀ ਇਨਫੈਕਸ਼ਨ ਕਾਰਨ 10 ਬੱਚਿਆਂ ਦੀ ਮੌਤ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਸ਼ਨੀਵਾਰ ਨੂੰ ਕੋਲਡ੍ਰਿਫ ਸਿਰਪ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਸੀ। ਮੁੱਖ ਮੰਤਰੀ ਮੋਹਨ ਯਾਦਵ ਨੇ 15 ਸਤੰਬਰ ਨੂੰ ਕਿਹਾ ਸੀ ਕਿ ਛਿੰਦਵਾੜਾ ’ਚ ਕੋਲਡ੍ਰਿਫਫ ਸਿਰਪ ਕਾਰਨ ਹੋਈ ਬੱਚਿਆਂ ਦੀ ਮੌਤ ਬਹੁਤ ਜ਼ਿਆਦਾ ਦੁਖਦਾਈ ਹੈ। ਇਸ ਸਿਰਪ ਦੀ ਵਿਕਰੀ ’ਤੇ ਪੂਰੇ ਮੱਧ ਪ੍ਰਦੇਸ਼ ’ਚ ਰੋਕ ਲਗਾ ਦਿੱਤੀ ਗਈ ਹੈ।