
ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਈ ਗਈ ਸੀ ਅਤੇ ਇਹ ਹਿੰਦੂ-ਸਿੱਖ ਫ਼ਸਾਦ ਕਰਵਾਉਣ ਦੇ ਮੱਦੇਨਜ਼ਰ ਰਚੀ ਗਈ ਵੱਡੀ ਸਾਜਿਸ਼ ਸੀ - ਕਿਸਾਨ
ਕਿਸਾਨਾਂ ਨੇ ਜਾਂਚ ਦੀ ਕੀਤੀ ਮੰਗ
ਸਿੰਘੂ ਬਾਰਡਰ : ਬੀਤੀ ਰਾਤ ਆਤਿਸ਼ਬਾਜ਼ੀ ਕਰਨ ਦੌਰਾਨ ਕਿਸਾਨਾਂ ਦੇ ਟੈਂਟਾਂ ਵਿਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕੇ ਦੇਖਦੇ ਹੀ ਦੇਖਦੇ ਕਈ ਟੈਂਟਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਇਹ ਅੱਗ ਅਣਪਛਾਤਿਆਂ ਵਲੋਂ ਲਗਾਈ ਗਈ ਸੀ। ਕਿਸਾਨਾਂ ਨੇ ਦੱਸਿਆ ਕਿ ਅੱਧਾ ਘੰਟਾ ਬੀਤ ਜਾਣ ਮਗਰੋਂ ਵੀ ਫ਼ਾਇਰ ਬ੍ਰਿਗੇਡ ਦੀ ਕੋਈ ਗੱਡੀ ਮੌਕੇ 'ਤੇ ਨਹੀਂ ਪਹੁੰਚੀ ਪਰ ਕਿਸਾਨਾਂ ਵਲੋਂ ਪੂਰੀ ਜਦੋ ਜਹਿਦ ਕੀਤੀ ਗਈ। ਦੱਸ ਦੇਈਏ ਕਿ ਇਸ ਦੌਰਾਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਧਰ ਆਤਿਸ਼ਬਾਜ਼ੀ ਕਰ ਰਹੇ ਅਣਪਛਾਤੇ ਲੋਕ ਅੱਗ ਲੱਗਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
fire at singhu border
ਇਸ ਮੌਕੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਵਾਰ ਵਾਪਰ ਚੁੱਕੀਆਂ ਹਨ ਅਤੇ ਜੋ ਉਨ੍ਹਾਂ ਨੂੰ ਡਰ ਸੀ ਉਹ ਅੱਜ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਮੋਰਚੇ ਵਿਚ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਵਲੋਂ ਪਟਾਕੇ ਜਾਂ ਆਤਿਸ਼ਬਾਜ਼ੀ ਨਹੀਂ ਚਲਾਈ ਗਈ ਸਗੋਂ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿਤੀ ਗਈ ਸੀ। ਕਿਸਾਨਾਂ ਨੇ ਕਿਹਾ ਕਿ ਅਸੀਂ ਕਈ ਮਹੀਨਿਆਂ ਤੋਂ ਸੜਕਾਂ 'ਤੇ ਬੈਠੇ ਹਾਂ, ਸਾਡੀ ਕਾਹਦੀ ਦੀਵਾਲੀ ਪਰ ਇਹ ਕਿਸੇ ਵਲੋਂ ਕੀਤੀ ਗਈ ਸ਼ਰਾਰਤ ਹੈ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ।
Farmers leader sirsa
ਇੱਕ ਹੋਰ ਕਿਸਾਨ ਨੇ ਦੱਸਿਆ ਕਿ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਕੋਈ ਨਾ ਕੋਈ ਸ਼ਰਾਰਤ ਕਰ ਕੇ ਮੋਰਚੇ ਨੂੰ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਅਸੀਂ ਪਹਿਲਾਂ ਤੋਂ ਹੀ ਕਿਸਾਨ ਵੀਰਾਂ ਨੂੰ ਚੌਕਸ ਕੀਤਾ ਸੀ ਅਤੇ ਖੁਦ ਹੀ ਆਰਜੀ ਫ਼ਾਇਰ ਬ੍ਰਿਗੇਡ ਦਾ ਬੰਦੋਬਸਤ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਨਾ ਸੁਚੇਤ ਹੋਣ ਦੇ ਬਾਵਜੂਦ ਵੀ ਸ਼ਰਾਰਤੀ ਅਨਸਰਾਂ ਵਲੋਂ ਇਹ ਕਾਰਨਾਮਾ ਕੀਤਾ ਗਿਆ ਪਰ ਅਸੀਂ ਅਕਾਲਪੁਰਖ ਦਾ ਸ਼ੁਕਰ ਕਰਦੇ ਹਾਂ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ।
ਜਾਣਕਾਰੀ ਅਨੁਸਾਰ ਜਿਨ੍ਹਾਂ ਕਿਸਾਨਾਂ ਦੇ ਘਰ ਅੱਗ ਨਾਲ ਸੜੇ ਹਨ ਉਹ ਪਿੰਡ ਲਸਾੜਾ ਅਤੇ ਪਾਲਾਂ ਤਹਿਸੀਲ ਫਿਲੌਰ (ਜਲੰਧਰ) , ਪਿੰਡ ਚਾਹਲਾਂ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਰਹਿਣ ਵਾਲੇ ਹਨ। ਇਸ ਮੌਕੇ ਕਿਸਾਨ ਆਗੂ ਸਿਰਸਾ ਨੇ ਦੱਸਿਆ ਕਿ ਅੱਗ ਲੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਸਥਿਤੀ ਦਾ ਜਾਇਜ਼ਾ ਲੈ ਕੇ ਗਏ ਸਨ ਅਤੇ ਕਰੀਬ 10 ਮਿੰਟ ਬਾਅਦ ਹੀ ਉਥੇ ਅੱਗ ਲੱਗ ਗਈ।
ਅੱਗ ਲਗਾਉਣ ਵਾਲਾ ਵਿਅਕਤੀ ਮੰਦਰ ਵਾਲੀ ਸਾਈਡ ਭੱਜ ਗਿਆ ਜਿਸ ਦਾ ਕਿਸਾਨਾਂ ਵਲੋਂ ਪਿੱਛਾ ਵੀ ਕੀਤਾ ਗਿਆ ਪਰ ਉਹ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਕਿਸਾਨ ਵੀਰਾਂ ਵਲੋਂ ਮੰਦਰ ਦੇ ਪੁਜਾਰੀ ਨੂੰ ਉਸ ਵਿਅਕਤੀ ਬਾਬਤ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਵਲੋਂ ਮੰਦਰ ਵਿਚ ਵੀ ਅੱਗ ਲਗਾਉਣ ਦਾ ਯਤਨ ਕੀਤਾ ਗਿਆ ਸੀ।
fire at singhu border
ਉਨ੍ਹਾਂ ਕਿਹਾ ਕਿ ਇਸ ਤੋਂ ਇਹ ਲਗਦਾ ਹੈ ਕਿ ਇਹ ਹਿੰਦੂ ਅਤੇ ਸਿੱਖਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਬਹੁਤ ਵੱਡੀ ਸਾਜਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਸੀ ਪਰ ਉਹ ਸਿਰੇ ਨਹੀਂ ਚੜੀ।
ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਹੀ SHO ਨੂੰ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਸੀ। ਜਿਸ 'ਤੇ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦਾ ਇੰਤਜ਼ਾਮ ਹੋ ਗਿਆ ਸੀ ਪਰ ਜਦੋਂ ਇਹ ਘਟਨਾ ਵਾਪਰੀ ਉਦੋਂ ਕੋਈ ਫ਼ਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਨਹੀਂ ਪਹੁੰਚੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਆਪਣੇ ਪੱਧਰ 'ਤੇ ਅੱਗ ਬੁਝਾਈ ਗਈ ਅਤੇ ਫਿਰ ਫ਼ਾਇਰ ਬ੍ਰਿਗੇਡ ਦੀ ਸਹਾਇਤਾ ਪਹੁੰਚੀ ਜਿਸ ਦਾ ਕੋਈ ਫ਼ਾਇਦਾ ਨਹੀਂ ਹੈ। ਦੱਸ ਦੇਈਏ ਕਿ ਇਸ ਹਾਦਸੇ ਵਿਚ ਕਿਸਾਨਾਂ ਦਾ ਸਾਰਾ ਸਮਾਂ ਸੜ ਕੇ ਸੁਆਹ ਹੋ ਗਿਆ ਹੈ ਅਤੇ ਉਨ੍ਹਾਂ ਨੇ ਸਾਥੀ ਕਿਸਾਨਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।