
ਹਾਦਸੇ ਵਿਚ ਸਾਇਰਸ ਮਿਸਤਰੀ ਅਤੇ ਇੱਕ ਹੋਰ ਦੀ ਹੋਈ ਸੀ ਮੌਤ
ਨਵੀਂ ਦਿੱਲੀ : ਪੁਲਿਸ ਨੇ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਮਹਾਰਾਸ਼ਟਰ ਦੀ ਕਾਸਾ ਪੁਲਿਸ ਨੇ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੌਤ ਦੇ ਸਬੰਧ ਵਿੱਚ ਦੁਰਘਟਨਾ ਦੌਰਾਨ ਗੱਡੀ ਚਲਾ ਰਹੀ ਅਨਾਹਿਤਾ ਪੰਡੋਲੇ ਦੇ ਖਿਲਾਫ ਧਾਰਾ 304 (ਏ), 279, 336, 338 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪਤੀ ਦਾਰਾ ਪੰਡੋਲੇ ਦੇ ਬਿਆਨ ਦਰਜ ਕਰ ਕੇ ਕੇਸ ਦਰਜ ਕਰ ਲਿਆ ਹੈ। ਪਾਲਘਰ ਦੇ ਐਸਪੀ ਬਾਲਾਸਾਹਿਬ ਪਾਟਿਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪਾਲਘਰ ਪੁਲਿਸ ਮੁਤਾਬਕ ਅਨਾਹਿਤਾ ਪੰਡੋਲੇ ਦਾ ਇਲਾਜ ਚੱਲ ਰਿਹਾ ਹੈ। ਉਹ ਅਜੇ ਵੀ ਆਈਸੀਯੂ ਵਿੱਚ ਹੈ। ਦਰਅਸਲ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਇਸ ਸਾਲ 4 ਸਤੰਬਰ ਨੂੰ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਮਿਸਤਰੀ ਦੀ ਕਾਰ ਹਾਦਸੇ 'ਚ ਹੋਈ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਸੀ। ਸਤੰਬਰ ਵਿੱਚ, ਉਸ ਦੀ ਮਰਸੀਡੀਜ਼-ਬੈਂਜ਼ ਕਾਰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਪੁਲ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਸ ਸਮੇਂ ਉਹ ਕਾਰ ਡਾਕਟਰ ਅਨਾਹਿਤਾ ਪੰਡੋਲੇ ਚਲਾ ਰਹੀ ਸੀ। ਉਹ ਅਤੇ ਉਸ ਦੇ ਪਤੀ ਡੇਰਿਅਸ ਪੰਡੋਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦੋਂ ਕਿ ਸਾਇਰਸ ਮਿਸਤਰੀ ਅਤੇ ਇੱਕ ਹੋਰ ਦੀ ਮੌਤ ਹੋ ਗਈ।
ਡੇਰੀਅਸ ਪੰਡੋਲੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਡਾਕਟਰ ਅਨਾਹਿਤਾ ਤੀਜੀ ਲੇਨ ਵਿੱਚ ਕਾਰ ਚਲਾ ਰਹੀ ਸੀ ਅਤੇ ਦੂਜੀ ਲੇਨ ਵਿੱਚ ਨਹੀਂ ਜਾ ਸਕਦੀ ਸੀ। ਉਨ੍ਹਾਂ ਤੋਂ ਅੱਗੇ ਆ ਰਹੀ ਇੱਕ ਹੋਰ ਕਾਰ ਨੇ ਲੇਨ ਬਦਲ ਦਿੱਤੀ ਸੀ ਪਰ ਅਚਾਨਕ ਇੱਕ ਟਰੱਕ ਨੂੰ ਦੇਖ ਕੇ ਅਨਾਹਿਤਾ ਕਾਰ ਨੂੰ ਤੀਜੀ ਲੇਨ ਤੋਂ ਦੂਜੀ ਲੇਨ 'ਤੇ ਨਾ ਲਿਆ ਸਕੀ ਅਤੇ ਇਸ ਦੌਰਾਨ ਉਹ ਪੁਲ ਦੀ ਰੇਲਿੰਗ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਮਹਾਰਾਸ਼ਟਰ ਦੇ ਪਾਲਘਰ 'ਚ ਸੂਰਿਆ ਨਦੀ 'ਤੇ ਬਣਿਆ ਪੁਲ ਤੰਗ ਹੈ ਅਤੇ ਇੱਥੇ ਇਹ ਹਾਦਸਾ ਵਾਪਰਿਆ ਹੈ।
ਪਾਲਘਰ ਦੇ ਕਾਸਾ ਥਾਣੇ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਡੇਰੇਅਸ ਪੰਡੋਲੇ (60) ਦਾ ਬਿਆਨ ਉਸ ਦੇ ਘਰ 'ਤੇ ਦਰਜ ਕੀਤਾ ਸੀ। ਇਹ ਹਾਦਸਾ 4 ਸਤੰਬਰ ਨੂੰ ਇਸੇ ਥਾਣਾ ਖੇਤਰ ਵਿੱਚ ਵਾਪਰਿਆ ਸੀ। ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ (54) ਅਤੇ ਉਸ ਦੇ ਦੋਸਤ ਜਹਾਂਗੀਰ ਪੰਡੋਲੇ ਦੀ ਕਾਰ ਪੁਲ ਦੀ ਰੇਲਿੰਗ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ। ਜਦੋਂਕਿ ਕਾਰ ਚਲਾ ਰਹੀ ਗਾਇਨੀਕੋਲੋਜਿਸਟ ਡਾਕਟਰ ਅਨਾਹਿਤਾ (55) ਅਤੇ ਉਸ ਦੇ ਪਤੀ ਡੇਰੀਅਸ ਨੂੰ ਗੰਭੀਰ ਸੱਟਾਂ ਲੱਗੀਆਂ। ਦੁਰਘਟਨਾ ਤੋਂ ਬਾਅਦ ਡੇਰੀਅਸ ਪੰਡੋਲ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ। ਪੁਲਿਸ ਨੇ ਉਸ ਦੇ ਬਿਆਨ ਦੱਖਣੀ ਮੁੰਬਈ ਸਥਿਤ ਉਸਦੇ ਘਰ 'ਤੇ ਦਰਜ ਕੀਤੇ।