
ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਅਤੇ ਕਮਰਸ਼ੀਅਲ ਗੱਡੀਆਂ ਦੇ ਦਾਖਲੇ ’ਤੇ ਪਾਬੰਦੀ
- ਐਤਵਾਰ ਨੂੰ ਵੀ ਛਾਈ ਰਹੀ ਜ਼ਹਿਰੀਲੀ ਧੁੰਦ, ਏ.ਕਿਊ.ਆਈ. 463 ਦਰਜ ਕੀਤਾ ਗਿਆ
- ਕਈ ਥਾਵਾਂ ’ਤੇ ਪਾਣੀ ਦਾ ਛਿੜਕਾਅ ਸ਼ੁਰੂ
- ਪ੍ਰਾਇਮਰੀ ਸਕੂਲਾਂ ’ਚ 10 ਤਰੀਕ ਤਕ ਛੁੱਟੀ
- ਸਰਕਾਰੀ ਅਤੇ ਨਿਜੀ ਦਫ਼ਤਰਾਂ ਦੇ 50 ਫ਼ੀ ਸਦੀ ਮੁਲਾਜ਼ਮਾਂ ਨੂੰ ਘਰਾਂ ਤੋਂ ਹੀ ਕੰਮ ਕਰਨ ਦੇ ਹੁਕਮ
Delhi Air Pollution : ਕੇਂਦਰ ਸਰਕਾਰ ਨੇ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਦੇ ‘ਅਤਿ ਗੰਭੀਰ’ ਸ਼੍ਰੇਣੀ ਵਿਚ ਆਉਣ ਦੇ ਮੱਦੇਨਜ਼ਰ ਕੌਮੀ ਰਾਜਧਾਨੀ ’ਚ ਜਨਤਕ ਪ੍ਰਾਜੈਕਟਾਂ ਨਾਲ ਸਬੰਧਤ ਨਿਰਮਾਣ ਕਾਰਜਾਂ ’ਤੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਅਤੇ ਚੁਪਹੀਆ ਕਮਰਸ਼ੀਅਲ ਗੱਡੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿਤੀ ਹੈ।
ਇਹ ਨਿਯਮ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਆਖ਼ਰੀ ਚੌਥੇ ਪੜਾਅ ਹੇਠ ਲਾਗੂ ਕੀਤੇ ਗਏ ਹਨ, ਜੋ ਰਾਜਧਾਨੀ ’ਚ ਹਵਾ ਕੁਆਲਿਟੀ ਸੂਚਕ ਅੰਕ ਦੇ 450 ਨੂੰ ਪਾਰ ਕਰਨ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਲਾਗੂ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਾਰ ਇਨ੍ਹਾਂ ਨਿਯਮਾਂ ਨੂੰ ਸਰਗਰਮੀ ਨਾਲ ਲਾਗੂ ਨਹੀਂ ਕੀਤਾ ਗਿਆ। ਦਿੱਲੀ ਸਰਕਾਰ ਨੇ ਵੀ ਛੋਟੇ ਬੱਚਿਆਂ ਨੂੰ ਇਸ ਖਤਰਨਾਕ ਪ੍ਰਦੂਸ਼ਣ ਤੋਂ ਬਚਾਉਣ ਲਈ ਸਾਰੇ ਪ੍ਰਾਇਮਰੀ ਸਕੂਲਾਂ ਨੂੰ 10 ਨਵੰਬਰ ਤਕ ਬੰਦ ਰੱਖਣ ਦਾ ਐਲਾਨ ਵੀ ਕੀਤਾ ਹੈ।
ਉਧਰ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਫਾਇਰ ਸਰਵਿਸ ਦਿੱਲੀ ਸਰਕਾਰ ਦੀ ਮਦਦ ਕਰ ਰਹੀ ਹੈ ਅਤੇ ਸਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ ’ਤੇ ਪਾਣੀ ਛਿੜਕ ਰਹੀ ਹੈ। ਇਸ ਦੌਰਾਨ, ਐਤਵਾਰ ਨੂੰ ਲਗਾਤਾਰ ਛੇਵੇਂ ਦਿਨ ਦਿੱਲੀ ’ਚ ਜ਼ਹਿਰੀਲੀ ਧੁੰਦ ਫੈਲੀ ਰਹੀ ਅਤੇ ਹਵਾ ਦੇ ਉਲਟ ਸਥਿਤੀਆਂ, ਖਾਸ ਤੌਰ ’ਤੇ ਰਾਤ ਵੇਲੇ ਹਵਾ ਦੀ ਰਫ਼ਤਾਰ ਹੌਲੀ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ‘ਅਤਿ ਗੰਭੀਰ ਸ਼੍ਰੇਣੀ’ ’ਚ ਦਰਜ ਕੀਤਾ ਗਿਆ। ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਾਧੇ ਦੇ ਵਿਚਕਾਰ ਦਿੱਲੀ ’ਚ ਏ.ਕਿਊ.ਆਈ. ਐਤਵਾਰ ਨੂੰ ਦੁਪਹਿਰ 3 ਵਜੇ 463 ਦਰਜ ਕੀਤਾ ਗਿਆ ਸੀ, ਜੋ ਕਿ ਸ਼ਨਿਚਰਵਾਰ ਨੂੰ ਸ਼ਾਮ 4 ਵਜੇ 415 ਸੀ।
ਹਵਾ ਪ੍ਰਦੂਸ਼ਣ ਦੀ ਇਹ ਗੰਭੀਰ ਸਮੱਸਿਆ ਸਿਰਫ਼ ਦਿੱਲੀ ਤਕ ਹੀ ਸੀਮਤ ਨਹੀਂ ਹੈ, ਸਗੋਂ ਗੁਆਂਢੀ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ’ਚ ਵੀ ਹਵਾ ਦੀ ਕੁਆਲਿਟੀ ਖ਼ਤਰਨਾਕ ਪੱਧਰ ਤਕ ਪਹੁੰਚ ਚੁੱਕੀ ਹੈ। ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਣਨੀਤੀਆਂ ਤਿਆਰ ਕਰਨ ਵਾਲੀ ਸੰਵਿਧਾਨਕ ਸੰਸਥਾ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਯੂ.ਐਮ.) ਨੇ ਦਿੱਲੀ ਅਤੇ ਐਨ.ਸੀ.ਆਰ. ਸੂਬਿਆਂ ਨੂੰ ਸਾਰੇ ਐਮਰਜੈਂਸੀ ਉਪਾਵਾਂ ਨੂੰ ਲਾਗੂ ਕਰਨ ਲਈ ਕਿਹਾ, ਜਿਸ ’ਚ ਸਰਕਾਰੀ ਅਤੇ ਨਿੱਜੀ ਦਫਤਰਾਂ ਦੇ 50 ਫ਼ੀ ਸਦੀ ਮੁਲਾਜ਼ਮਾਂ ਨੂੰ ਘਰਾਂ ਤੋਂ ਹੀ ਕੰਮ ਕਰਨ ਦੀਆਂ ਹਦਾਇਤਾਂ ਵੀ ਸ਼ਾਮਲ ਹਨ।
ਸਿਰਫ਼ ਇਨ੍ਹਾਂ ਗੱਡੀਆਂ ਨੂੰ ਸੂਬੇ ’ਚ ਵੜਨ ਦੀ ਇਜਾਜ਼ਤ ਹੋਵੇਗੀ
ਸਿਲਸਿਲੇਵਾਰ ਪ੍ਰਤੀਕਿਰਿਆ ਕਾਰਜ ਯੋਜਨਾ (ਜੀ.ਆਰ.ਏ.ਪੀ.) ਦੇ ਚੌਥੇ ਅਤੇ ਅੰਤਿਮ ਪੜਾਅ ਦੇ ਤਹਿਤ, ਦੂਜੇ ਸੂਬਿਆਂ ਤੋਂ ਸਿਰਫ ਸੀ.ਐਨ.ਜੀ., ਇਲੈਕਟ੍ਰਿਕ ਅਤੇ ਬੀ.ਐਸ.-6 ਮਾਨਕਾਂ ਦੀ ਪਾਲਣਾ ਕਰਨ ਵਾਲੀਆਂ ਗੱਡੀਆਂ ਨੂੰ ਦਿੱਲੀ ’ਚ ਦਾਖਲ ਹੋਣ ਦੀ ਇਜਾਜ਼ਤ ਹੈ। ਇਸ ਦੇ ਨਾਲ ਹੀ ਜ਼ਰੂਰੀ ਸੇਵਾਵਾਂ ਨਾਲ ਜੁੜੀਆਂ ਗੱਡੀਆਂ ਨੂੰ ਇਸ ਤੋਂ ਛੋਟ ਦਿਤੀ ਗਈ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਯੂ.ਐਮ.) ਦੇ ਤਾਜ਼ਾ ਹੁਕਮਾਂ ਦੇ ਅਨੁਸਾਰ, ਜ਼ਰੂਰੀ ਸੇਵਾਵਾਂ ’ਚ ਸ਼ਾਮਲ ਨਾ ਹੋਣ ਵਾਲੇ ਸਾਰੇ ਦਰਮਿਆਨੇ ਅਤੇ ਭਾਰੀ ਮਾਲ ਗੱਡੀਆਂ ਦੇ ਰਾਜਧਾਨੀ ’ਚ ਦਾਖਲ ਹੋਣ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਪ੍ਰਦੂਸ਼ਣ ਕੰਟਰੋਲ ਸੰਸਥਾ ਨੇ ਵੀਰਵਾਰ ਨੂੰ ਗੈਰ-ਜ਼ਰੂਰੀ ਨਿਰਮਾਣ ਕਾਰਜਾਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਦੀਆਂ ਵਿਸ਼ੇਸ਼ ਸ਼੍ਰੇਣੀਆਂ ’ਤੇ ਪਾਬੰਦੀ ਦੇ ਹੁਕਮ ਦਿਤੇ ਸਨ। ਦਿੱਲੀ-ਐਨ.ਸੀ.ਆਰ. ’ਚ ਪਾਰਟੀਕੁਲੇਟ ਮੈਟਰ (ਪੀ.ਐਮ.)-2.5 ਦਾ ਗਾੜ੍ਹਾਪਣ ਭਾਰਤ ਸਰਕਾਰ ਵਲੋਂ ਕਈ ਥਾਵਾਂ ’ਤੇ ਨਿਰਧਾਰਤ 60 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸੁਰੱਖਿਅਤ ਸੀਮਾ ਤੋਂ ਸੱਤ-ਅੱਠ ਗੁਣਾ ਵੱਧ ਹੈ। ਇਹ ਸੂਖਮ ਕਣ ਸਾਹ ਰਾਹੀਂ ਸਰੀਰ ’ਚ ਦਾਖਲ ਹੋ ਕੇ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ। ਦਿੱਲੀ ’ਚ ਪੀ.ਐਮ. 2.5 ਦਾ ਗਾੜ੍ਹਾਪਣ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਵਲੋਂ ਨਿਰਧਾਰਤ ਪੰਜ ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸੀਮਾ ਤੋਂ 80 ਤੋਂ 100 ਗੁਣਾ ਦਰਜ ਕੀਤੀ ਗਈ ਹੈ।
(For more news apart from Delhi Air Pollution, stay tuned to Rozana Spokesman).