
‘ਮੈਨੂੰ ਲਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਵੋਟਰ ਇਹ ਪੁੱਛਣ ਕਿ ਉਨ੍ਹਾਂ ਦੇ ਹਿੱਤ ’ਚ ਕੀ ਹੈ, ਨਾ ਕਿ ਮੋਦੀ ਦੇ ਅਕਸ ਜਾਂ ਭਾਜਪਾ ਦੇ ਪੀ.ਆਰ. ਕੰਮ ’ਚ ਕੀ ਹੈ।
ਆਈਜ਼ੋਲ: ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਕੇਂਦਰ ਵਿਚ ਅਗਲੀ ਸਰਕਾਰ ‘ਲੀਡਰ ਦੇ ਅਕਸ’ ਦੀ ਬਜਾਏ ਲੋਕਾਂ ਲਈ ਕੰਮ ਕਰੇ ਤਾਂ ਵਿਰੋਧੀ ਧਿਰ ਦਾ ‘ਇੰਡੀਆ’ ਗਠਜੋੜ ਹੀ ਇਸ ਦਾ ਜਵਾਬ ਹੈ। ਕੇਰਲ ਦੇ ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਾਲੇ ਸਾਰੇ ਪੰਜ ਸੂਬਿਆਂ ’ਚ ਕਾਂਗਰਸ ਪਾਰਟੀ ਭਾਜਪਾ ਤੋਂ ਅੱਗੇ ਹੈ ਅਤੇ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਦਾ ਮਨੋਬਲ ਵਧਾਏਗਾ।
ਇਕ ਇੰਟਰਵਿਊ ’ਚ ਥਰੂਰ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਵੋਟਰ ਇਹ ਪੁੱਛਣ ਕਿ ਉਨ੍ਹਾਂ ਦੇ ਹਿੱਤ ’ਚ ਕੀ ਹੈ, ਨਾ ਕਿ ਮੋਦੀ ਦੇ ਅਕਸ ਜਾਂ ਭਾਜਪਾ ਦੇ ਪੀ.ਆਰ. (ਜਨਸੰਪਰਕ) ਕੰਮ ’ਚ ਕੀ ਹੈ। ਕੀ ਤੁਸੀਂ ਅਜਿਹੀ ਸਰਕਾਰ ਚਾਹੁੰਦੇ ਹੋ ਜੋ ਤੁਹਾਡੀ ਭਲਾਈ ਨੂੰ ਤਰਜੀਹ ਦੇਵੇ? ਕੀ ਤੁਸੀਂ ਅਜਿਹੀ ਸਰਕਾਰ ਚਾਹੁੰਦੇ ਹੋ ਜੋ ਲੋਕਾਂ ਨੂੰ ਪਹਿਲ ਦੇਵੇ, ਲੀਡਰ ਦੇ ਅਕਸ ਨੂੰ ਨਹੀਂ।’’
ਉਨ੍ਹਾਂ ਕਿਹਾ ਕਿ ਜੇਕਰ ਲੋਕ ਕਿਸੇ ਲੀਡਰ ਦੀ ਬਜਾਏ ਲੋਕਾਂ ਬਾਰੇ ਸੋਚਣ ਵਾਲੀ ਸਰਕਾਰ ਚਾਹੁੰਦੇ ਹਨ ਤਾਂ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਇਸ ਦਾ ਜਵਾਬ ਹੈ। ਥਰੂਰ ਨੇ ਅੱਗੇ ਕਿਹਾ, ‘‘ਈਮਾਨਦਾਰੀ ਨਾਲ ਕਹਾਂ ਤਾਂ ਅਜਿਹਾ ਲੱਗ ਰਿਹਾ ਹੈ ਕਿ ਭਾਰਤ ਦੇ ਲੋਕ ਭਾਜਪਾ ਨੂੰ ਸਖ਼ਤ ਸੰਦੇਸ਼ ਦੇਣ ਦੀ ਤਿਆਰੀ ਕਰ ਰਹੇ ਹਨ। ਜੇਕਰ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਮੌਜੂਦਾ ਸਮੇਂ ’ਚ ਭਾਜਪਾ ਪੰਜ ’ਚੋਂ ਚਾਰ ਸੂਬਿਆਂ ’ਚ ਕਾਂਗਰਸ ਤੋਂ ਕਾਫੀ ਪਿੱਛੇ ਹੈ। ਪੰਜਵਾਂ ਸੂਬਾ ਰਾਜਸਥਾਨ ਥੋੜ੍ਹਾ ਪਿੱਛੇ ਹੈ।’’
ਰਾਜਸਥਾਨ, ਮਿਜ਼ੋਰਮ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ’ਚ ਚੋਣਾਂ ਤੋਂ ਪਹਿਲੇ ਸਰਵੇਖਣਾਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਰਾਜਸਥਾਨ ਨੂੰ ਛੱਡ ਕੇ ਸਾਰੇ ਸੂਬਿਆਂ ’ਚ ਵਿਰੋਧੀ ਪਾਰਟੀ ਨੂੰ ਭਾਜਪਾ ਤੋਂ ਅੱਗੇ ਵਿਖਾਇਆ ਹੈ।