
ਮ੍ਰਿਤਕਾਂ ਦੀ ਪਛਾਣ 37 ਸਾਲਾ ਕਰਮਬੀਰ, ਉਸ ਦੇ 11 ਸਾਲਾ ਪੁੱਤਰ ਤਨੁਜ ਅਤੇ 13 ਸਾਲਾ ਧੀ ਮੁਸਕਾਨ ਵਜੋਂ ਹੋਈ ਹੈ।
ਬਹਾਦਰਗੜ੍ਹ - ਹਰਿਆਣਾ ਦੇ ਬਹਾਦਰਗੜ੍ਹ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਨਿਰਦਈ ਪਿਤਾ ਨੇ ਪਹਿਲਾਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਫਾਹਾ ਲਗਾ ਕੇ ਮਾਰ ਦਿੱਤਾ ਅਤੇ ਫਿਰ ਖ਼ੁਦ ਵੀ ਅਪਣੀ ਜਾਨ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਬਹਾਦਰਗੜ੍ਹ ਦੇ ਗੰਗਡਵਾ ਪਿੰਡ ਦਾ ਹੈ। ਮ੍ਰਿਤਕਾਂ ਦੀ ਪਛਾਣ 37 ਸਾਲਾ ਕਰਮਬੀਰ, ਉਸ ਦੇ 11 ਸਾਲਾ ਪੁੱਤਰ ਤਨੁਜ ਅਤੇ 13 ਸਾਲਾ ਧੀ ਮੁਸਕਾਨ ਵਜੋਂ ਹੋਈ ਹੈ।
ਡੀ. ਐਸ. ਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਕਰਮਬੀਰ ਦਿੱਲੀ 'ਚ ਕਲੱਸਟਰ ਬੱਸ ਚਲਾਉਂਦਾ ਸੀ। ਰਾਤ ਸਮੇਂ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ। ਜਿਸ ਵਿਚ ਕਰਮਬੀਰ ਨੇ ਪਹਿਲਾਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ।
ਜਦੋਂ ਪਤਨੀ ਕਰਮਬੀਰ ਦੀ ਮਾਨਸਿਕ ਹਾਲਤ ਦੇਖ ਕੇ ਆਪਣੇ ਜੇਠ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ ਗਈ। ਇਸ ਦੌਰਾਨ ਕਰਮਬੀਰ ਨੇ ਪਹਿਲਾਂ ਆਪਣੇ ਬੇਟੇ ਅਤੇ ਬੇਟੀ ਨੂੰ ਫਾਹਾ ਲਗਾ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਕਰਮਬੀਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦੀ ਪਤਨੀ ਅਤੇ ਕਰਮਬੀਰ ਦੇ ਭਰਾ ਦਾ ਪਰਿਵਾਰ ਘਰ ਪਰਤਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।