
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਆਉਣ ਲਈ ਲਿੰਕ ਰੋਡ ਦੀ ਥਾਂ ਡੀਐਨਡੀ ਦੀ ਵਰਤੋਂ ਕਰਨ।
ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੇ ਚਲਦੇ ਸੜਕਾਂ ਆਮ ਲੋਕਾਂ ਲਈ ਵੀ ਬੰਦ ਹੋ ਗਈਆਂ ਹਨ। ਦਿੱਲੀ-ਨੋਇਡਾ ਲਿੰਕ ਰੋਡ ਆਵਾਜਾਈ ਲਈ ਬੰਦ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਆਉਣ ਲਈ ਲਿੰਕ ਰੋਡ ਦੀ ਥਾਂ ਡੀਐਨਡੀ ਦੀ ਵਰਤੋਂ ਕਰਨ। ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਬਹੁਤ ਸਾਰੇ ਰਸਤੇ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਲੈ ਕੇ ਹੁਣ ਦਿੱਲੀ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਟ੍ਰੈਫਿਕ ਪੁਲਿਸ ਨੇ ਟਵੀਟ ਕੀਤਾ, “ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲੀ ਐਨਐਚ-24 'ਤੇ ਗਾਜ਼ੀਪੁਰ ਸਰਹੱਦ ਵੀ ਕਿਸਾਨ ਅੰਦੋਲਨ ਕਾਰਨ ਬੰਦ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਆਉਣ ਲਈ ਐਨਐਚ 24 ਦੀ ਵਰਤੋਂ ਨਾ ਕਰਨ। ਦਿੱਲੀ ਲਈ ਅਪਸਰਾ, ਭੋਪਰਾ ਅਤੇ ਡੀਐਨਡੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।"
ਦਿੱਲੀ ਅਤੇ ਹਰਿਆਣਾ ਵਿਚਾਲੇ ਢਾਂਸਾ, ਦੌਰਾਲਾ, ਕਾਪਸਹੇੜਾ, ਰਜੋਕਰੀ ਐਨਐਚ-8, ਬਿਜਵਾਸਨ / ਬਜਘੇੜਾ, ਪਾਲਮ ਵਿਹਾਰ ਅਤੇ ਡੁੰਡਾਹੇੜਾ ਸਰਹੱਦ ਖੁੱਲ੍ਹੀ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕੀਤਾ, “ਬਡੋਸਰਾਏ ਸਰਹੱਦ ਸਿਰਫ ਕਾਰਾਂ ਅਤੇ ਦੋਪਹੀਆ ਵਾਹਨਾਂ ਵਰਗੇ ਹਲਕੇ ਵਾਹਨਾਂ ਲਈ ਖੁੱਲ੍ਹੀ ਹੈ। ਝਟੀਕਰਾ ਬਾਰਡਰ ਸਿਰਫ ਦੋਪਹੀਆ ਵਾਹਨ ਚਾਲਕਾਂ ਲਈ ਖੁੱਲ੍ਹਾ ਹੈ।"