ਮਰਨ ਵਾਲਿਆਂ ਵਿਚ ਪਤੀ-ਪਤਨੀ ਅਤੇ ਉਹਨਾਂ ਦੇ ਦੋ ਬੱਚੇ ਸ਼ਾਮਲ ਹਨ।
ਅੰਬਾਲਾ: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਇਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਪੰਜਾਬ ਦੇ ਲਾਲੜੂ ਥਾਣੇ ਅਧੀਨ ਪੈਂਦੇ ਪਿੰਡ ਟਿਵਾਣਾ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿਚ ਪਤੀ-ਪਤਨੀ ਅਤੇ ਉਹਨਾਂ ਦੇ ਦੋ ਬੱਚੇ ਸ਼ਾਮਲ ਹਨ।
ਥਾਣਾ ਨੱਗਲ ਦੀ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਇਸਮਾਈਲਪੁਰ ਵਿਚੋਂ ਲੰਘਦੀ ਨਰਵਾਣਾ ਬਰਾਂਚ ਨਹਿਰ ਵਿਚੋਂ ਬਰਾਮਦ ਕੀਤੀਆਂ ਹਨ। ਮ੍ਰਿਤਕਾਂ ਦੀ ਪਛਾਣ 40 ਸਾਲਾ ਕੁਲਬੀਰ, ਉਸ ਦੀ ਪਤਨੀ ਕਮਲਜੀਤ ਕੌਰ, 16 ਸਾਲਾ ਧੀ ਜਸ਼ਨਪ੍ਰੀਤ ਕੌਰ ਅਤੇ 11 ਸਾਲਾ ਖੁਸ਼ਦੀਪ ਵਾਸੀ ਟਿਵਾਣਾ ਪਿੰਡ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਕੁਲਬੀਰ ਆਪਣੇ ਪਰਿਵਾਰ ਸਮੇਤ ਮਾਰੂਤੀ ਕਾਰ ਵਿਚ ਜਾ ਰਿਹਾ ਸੀ। ਉਸ ਦੀ ਕਾਰ ਐਤਵਾਰ ਸਵੇਰੇ 11 ਵਜੇ ਦੇ ਕਰੀਬ ਇਸਮਾਈਲਪੁਰ ਨੇੜੇ ਨਰਵਾਣਾ ਬ੍ਰਾਂਚ ਕੋਲ ਡਿੱਗ ਗਈ, ਜਿਸ ਦੀ ਸੂਚਨਾ ਸੋਮਵਾਰ ਨੂੰ ਥਾਣਾ ਨੱਗਲ ਨੂੰ ਮਿਲੀ। ਪੁਲਿਸ ਨੇ ਕਰੀਬ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ 'ਚ ਰਖਵਾ ਦਿੱਤਾ ਹੈ। ਪੁਲਿਸ ਨੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।