
ਡੇਢ ਸਾਲ ਬਾਅਦ ਮਾਲਕ ਨੇ ਤੋੜਿਆ ਕਿਰਾਏਦਾਰ ਦੇ ਕਮਰੇ ਦਾ ਜਿੰਦਰਾ ਤਾਂ ਹੋਇਆ ਖ਼ੁਲਾਸਾ
ਆਂਧਰਾ ਪ੍ਰਦੇਸ਼ : ਵਿਸ਼ਾਖਾਪਟਨਮ 'ਚ ਬੰਦ ਕਮਰੇ 'ਚ ਰੱਖੇ ਡਰੰਮ 'ਚੋਂ ਔਰਤ ਦੇ ਕੱਟੇ ਹੋਏ ਅੰਗ ਮਿਲੇ ਹਨ। ਘਟਨਾ ਮਦੂਰਵਾੜਾ ਦੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਔਰਤ ਦੀ ਲਾਸ਼ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਉਥੇ ਪਈ ਸੀ। ਮਕਾਨ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਦੂਰਵਾੜਾ 'ਚ ਇਕ ਵਿਅਕਤੀ ਨੇ ਆਪਣਾ ਮਕਾਨ ਕਿਰਾਏ 'ਤੇ ਦਿੱਤਾ ਹੋਇਆ ਹੈ। ਜੂਨ 2021 ਵਿੱਚ ਕਿਰਾਏਦਾਰ ਨੇ ਪਤਨੀ ਦੀ ਗਰਭ ਅਵਸਥਾ ਦਾ ਹਵਾਲਾ ਦਿੰਦਿਆਂ ਬਕਾਇਆ ਦਿੱਤੇ ਬਿਨਾਂ ਘਰ ਖਾਲੀ ਕਰ ਦਿੱਤਾ। ਮਕਾਨ ਮਾਲਕ ਕਰੀਬ ਡੇਢ ਸਾਲ ਤੱਕ ਕਿਰਾਏਦਾਰ ਦੀ ਵਾਪਸੀ ਦੀ ਉਡੀਕ ਕਰਦਾ ਰਿਹਾ। ਇੱਕ ਦਿਨ ਉਸ ਨੇ ਜਦੋਂ ਕਮਰੇ ਦਾ ਜਿੰਦਰਾ ਤੋੜਿਆ ਤਾਂ ਹੈਰਾਨ ਰਹਿ ਗਿਆ। ਅਸਲ ਵਿਚ ਜਦੋਂ ਮਕਾਨ ਮਾਲਕ ਘਰ ਦੀ ਸਫਾਈ ਕਰ ਰਿਹਾ ਸੀ ਤਾਂ ਉਸ ਨੂੰ ਪਲਾਸਟਿਕ ਦੇ ਡਰੰਮ ਵਿੱਚ ਔਰਤ ਦੇ ਸੜੇ ਹੋਏ ਅੰਗ ਮਿਲੇ। ਇਹ ਡਰੰਮ ਸੀਲ ਪੈਕ ਕੀਤਾ ਹੋਇਆ ਸੀ।
ਸ਼ਿਕਾਇਤਕਰਤਾ ਮਕਾਨ ਮਾਲਕ ਨੇ ਦੱਸਿਆ ਕਿ ਕਿਰਾਏਦਾਰ ਇਕ ਵਾਰ ਪਿਛਲੇ ਦਰਵਾਜ਼ੇ ਰਾਹੀਂ ਘਰ 'ਚ ਦਾਖਲ ਹੋਇਆ ਸੀ। ਪੁਲਿਸ ਕਮਿਸ਼ਨਰ ਸ਼੍ਰੀਕਾਂਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਟੁਕੜੇ ਕਿਰਾਏਦਾਰ ਦੀ ਪਤਨੀ ਦੇ ਹੋ ਸਕਦੇ ਹਨ। ਮੁੱਢਲੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਲਾਸ਼ ਨੂੰ ਕਰੀਬ 3 ਮਹੀਨੇ ਪਹਿਲਾਂ ਟੁਕੜਿਆਂ ਵਿੱਚ ਕੱਟਿਆ ਗਿਆ ਸੀ, ਜਿਸ ਦਾ ਹੁਣ ਪਤਾ ਲੱਗ ਗਿਆ ਹੈ।