ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਸਮਾਧਾਨ ਉਤੇ ਜ਼ੋਰ ਦਿਤਾ
ਨਵੀਂ ਦਿੱਲੀ: ਅਮਰੀਕਾ ਵਲੋਂ ਭਾਰਤ ਉਤੇ ਭਾਰੀ ਟੈਰਿਫ਼ ਅਤੇ ਪਾਬੰਦੀਆਂ ਲਗਾਉਣ ਵਿਚਕਾਰ ਭਾਰਤ ਅਤੇ ਰੂਸ ਨੇ ਸ਼ੁਕਰਵਾਰ ਨੂੰ ਆਰਥਕ ਅਤੇ ਵਪਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪੰਜ ਸਾਲ ਦੀ ਯੋਜਨਾ ਉਲੀਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਯੂਕਰੇਨ ਜੰਗ ਨੂੰ ਸ਼ਾਂਤੀਪੂਰਨ ਤਰੀਕਿਆਂ ਨਾਲ ਖਤਮ ਕੀਤਾ ਜਾਣਾ ਚਾਹੀਦਾ ਹੈ।
ਵਿਸ਼ਵ ਦਾ ਧਿਆਨ ਖਿੱਚਣ ਵਾਲੀ ਅਪਣੀ ਸਿਖਰ ਵਾਰਤਾ ਤੋਂ ਬਾਅਦ, ਮੋਦੀ ਅਤੇ ਪੁਤਿਨ ਨੇ ਅੱਠ ਦਹਾਕਿਆਂ ਤੋਂ ਵੱਧ ਪੁਰਾਣੀ ਭਾਰਤ-ਰੂਸ ਦੋਸਤੀ ਨੂੰ ਇਕ ਨਵੀਂ ਗਤੀ ਦੇਣ ਲਈ ਅਪਣੀ ਉਤਸੁਕਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂ-ਸਿਆਸੀ ਡਾਵਾਂਡੋਲ ਹਾਲਾਤ ਦੇ ਬਾਵਜੂਦ ਇਹ ‘ਧਰੂ ਤਾਰੇ’ ਵਾਂਗ ਅਡੋਲ ਹੈ।
2030 ਦੇ ਆਰਥਕ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਤੋਂ ਇਲਾਵਾ, ਦੋਹਾਂ ਧਿਰਾਂ ਨੇ ਸਿਹਤ, ਗਤੀਸ਼ੀਲਤਾ ਅਤੇ ਪ੍ਰਵਾਸ, ਖੁਰਾਕ ਸੁਰੱਖਿਆ, ਜਹਾਜ਼ਰਾਨੀ ਅਤੇ ਲੋਕਾਂ ਦੇ ਆਦਾਨ-ਪ੍ਰਦਾਨ ਸਮੇਤ ਕਈ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ਉਤੇ ਹਸਤਾਖਰ ਕੀਤੇ।
ਰੂਸ ਦੇ ਰਾਸ਼ਟਰਪਤੀ ਬੀਤੀ ਸ਼ਾਮ ਨਵੀਂ ਦਿੱਲੀ ਪਹੁੰਚੇ ਸਨ ਅਤੇ ਉਨ੍ਹਾਂ ਦਾ ਲਾਲ ਕਾਲੀਨ ਵਿਛਾ ਕੇ ਸਵਾਗਤ ਕੀਤਾ ਗਿਆ। ਮੋਦੀ ਨੇ ਹਵਾਈ ਅੱਡੇ ਉਤੇ ਨਿੱਜੀ ਤੌਰ ਉਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਬਾਅਦ ’ਚ ਉਨ੍ਹਾਂ ਲਈ ਇਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਫ਼ਰਵਰੀ 2022 ਵਿਚ ਯੂਕ੍ਰੇਨ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਵੀ ਹੈ।
ਇਸ ਦੌਰੇ ਨੇ ਪਛਮੀ ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਵੀ ਧਿਆਨ ਖਿੱਚਿਆ ਹੈ ਕਿਉਂਕਿ ਇਹ ਮਾਸਕੋ ਨੂੰ ਆਰਥਕ ਤੌਰ ਉਤੇ ਮਾਰਨ ਦੀਆਂ ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਵਿਚਕਾਰ ਆਇਆ ਹੈ, ਜਿਸ ਵਿਚ ਯੂਕਰੇਨ ਵਿਚ ਜੰਗ ਨੂੰ ਖਤਮ ਕਰਨ ਲਈ ਮਜਬੂਰ ਕਰਨ ਦੀ ਪਹਿਲ ਦੇ ਹਿੱਸੇ ਵਜੋਂ ਰੂਸ ਦੇ ਕੱਚੇ ਤੇਲ ਦੀ ਸਪਲਾਈ ਵਿਚ ਕਟੌਤੀ ਸ਼ਾਮਲ ਹੈ।
ਮੋਦੀ ਨੇ ਕਿਹਾ ਕਿ ਆਰਥਕ ਸਹਿਯੋਗ ਨੂੰ ਨਵੀਆਂ ਉਚਾਈਆਂ ਤਕ ਲਿਜਾਣ ਲਈ ਦੋਵੇਂ ਧਿਰਾਂ 2030 ਤਕ ਆਰਥਕ ਸਹਿਯੋਗ ਪ੍ਰੋਗਰਾਮ ਉਤੇ ਸਹਿਮਤ ਹੋਈਆਂ ਹਨ ਅਤੇ ਇਹ ਦੁਵਲੇ ਵਪਾਰ ਅਤੇ ਨਿਵੇਸ਼ ਨੂੰ ਵੰਨ-ਸੁਵੰਨਤਾ ਵਾਲਾ, ਸੰਤੁਲਿਤ ਅਤੇ ਟਿਕਾਊ ਬਣਾਏਗੀ।
ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਜਲਦੀ ਹੀ ਰੂਸੀ ਨਾਗਰਿਕਾਂ ਲਈ 30 ਦਿਨਾਂ ਦਾ ਮੁਫਤ ਈ-ਟੂਰਿਸਟ ਵੀਜ਼ਾ ਅਤੇ 30 ਦਿਨਾਂ ਦਾ ਸਮੂਹ ਟੂਰਿਸਟ ਵੀਜ਼ਾ ਪੇਸ਼ ਕਰੇਗਾ।
ਪੁਤਿਨ ਨੇ ਕਿਹਾ ਕਿ ਦੋਵੇਂ ਪੱਖ ਸਾਲਾਨਾ ਵਪਾਰ ਦੀ ਮਾਤਰਾ ਨੂੰ ਮੌਜੂਦਾ 64 ਅਰਬ ਡਾਲਰ ਤੋਂ ਵਧਾ ਕੇ 100 ਅਰਬ ਡਾਲਰ ਕਰਨ ਉਤੇ ਵਿਚਾਰ ਕਰ ਰਹੇ ਹਨ ਅਤੇ ਰੂਸ ਭਾਰਤ ਦੀ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤੇਲ, ਗੈਸ, ਕੋਲਾ ਅਤੇ ਹਰ ਚੀਜ਼ ਦਾ ਭਰੋਸੇਮੰਦ ਸਪਲਾਇਰ ਹੈ।
ਰੂਸ ਤੇਜ਼ੀ ਨਾਲ ਵਧ ਰਹੀ ਭਾਰਤੀ ਅਰਥਵਿਵਸਥਾ ਲਈ ਤੇਲ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਤਿਆਰ ਹੈ।
ਰੂਸ ਦੇ ਰਾਸ਼ਟਰਪਤੀ ਨੇ ਸੰਕੇਤ ਦਿਤਾ ਕਿ ਮਾਸਕੋ ਭਾਰਤੀ ਉਤਪਾਦਾਂ ਲਈ ਵਧੇਰੇ ਬਾਜ਼ਾਰ ਪਹੁੰਚ ਪ੍ਰਦਾਨ ਕਰੇਗਾ ਅਤੇ ਦੋਵੇਂ ਧਿਰਾਂ ਛੋਟੇ ਅਤੇ ਮਾਡਯੂਲਰ ਪ੍ਰਮਾਣੂ ਰਿਐਕਟਰਾਂ ਅਤੇ ਤੈਰਦੇ ਪ੍ਰਮਾਣੂ ਊਰਜਾ ਪਲਾਂਟਾਂ ਦੇ ਨਿਰਮਾਣ ਲਈ ਸਹਿਯੋਗ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਰੂਸ ਪ੍ਰਮਾਣੂ ਤਕਨਾਲੋਜੀਆਂ ਦੀ ਗੈਰ-ਊਰਜਾ ਵਰਤੋਂ ਵਿਚ ਵੀ ਭਾਰਤ ਦੀ ਮਦਦ ਕਰ ਸਕਦਾ ਹੈ, ਉਦਾਹਰਣ ਵਜੋਂ ਦਵਾਈ ਅਤੇ ਖੇਤੀਬਾੜੀ ਵਿਚ।
ਪੁਤਿਨ ਨੇ ਅਪਣੇ ਮੀਡੀਆ ਬਿਆਨ ’ਚ ਕਿਹਾ ਕਿ ਦੋਹਾਂ ਧਿਰਾਂ ਨੇ ਸੁਰੱਖਿਆ, ਅਰਥਵਿਵਸਥਾ, ਵਪਾਰ ਅਤੇ ਸਭਿਆਚਾਰ ਦੇ ਖੇਤਰਾਂ ’ਚ ਸਹਿਯੋਗ ਨੂੰ ਤਰਜੀਹ ਦੇਣ ਦਾ ਸੰਕਲਪ ਲਿਆ ਹੈ। ਪੁਤਿਨ ਨੇ ਕਿਹਾ ਕਿ ਰੂਸ, ਭਾਰਤ ਅਤੇ ਹੋਰ ਸਮਾਨ ਸੋਚ ਵਾਲੇ ਦੇਸ਼ ਇਕ ਨਿਆਂਪੂਰਨ ਅਤੇ ਬਹੁ-ਧਰੁਵੀ ਦੁਨੀਆਂ ਲਈ ਕੰਮ ਕਰ ਰਹੇ ਹਨ।
ਯੂਕ੍ਰੇਨ ਸੰਘਰਸ਼ ਵੀ ਮੋਦੀ ਨਾਲ ਗੱਲਬਾਤ ਵਿਚ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਅਤੇ ਕਿਹਾ ਕਿ ਭਾਰਤ ਨੇ ਉਸ ਦੇਸ਼ ਵਿਚ ਸ਼ਾਂਤੀ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਮੁੱਦੇ ਦੇ ਸ਼ਾਂਤੀਪੂਰਨ ਅਤੇ ਸਥਾਈ ਹੱਲ ਲਈ ਸਾਰੇ ਯਤਨਾਂ ਦਾ ਸਵਾਗਤ ਕਰਦੇ ਹਾਂ। ਭਾਰਤ ਹਮੇਸ਼ਾ ਯੋਗਦਾਨ ਪਾਉਣ ਲਈ ਤਿਆਰ ਰਿਹਾ ਹੈ ਅਤੇ ਕਰਦਾ ਰਹੇਗਾ।’’ ਮੋਦੀ-ਪੁਤਿਨ ਗੱਲਬਾਤ ਵਿਚ ਅਤਿਵਾਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੇ ਤਰੀਕੇ ਵੀ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਨੇ ਲੰਮੇ ਸਮੇਂ ਤੋਂ ਅਤਿਵਾਦ ਵਿਰੁਧ ਲੜਾਈ ’ਚ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਹੈ। ਉਨ੍ਹਾਂ ਨੇ ਭਾਰਤ-ਰੂਸ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੁਤਿਨ ਦੀ ‘ਅਟੁੱਟ ਵਚਨਬੱਧਤਾ’ ਲਈ ਵੀ ਪ੍ਰਸ਼ੰਸਾ ਕੀਤੀ।
‘‘ਭਾਰਤ ਨਿਰਪੱਖ ਨਹੀਂ ਹੈ, ਸ਼ਾਂਤੀ ਦੇ ਪੱਖ ’ਚ ਹੈ’’
ਪ੍ਰਧਾਨ ਮੰਤਰੀ ਮੋਦੀ ਨੇ ਯੂਕ੍ਰੇਨ ਸੰਘਰਸ਼ ਉਤੇ ਪੁਤਿਨ ਨੂੰ ਕਿਹਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਯੂਕਰੇਨ ’ਚ ਜੰਗ ਨੂੰ ਖਤਮ ਕਰਨ ਦੀਆਂ ਤਾਜ਼ਾ ਕੋਸ਼ਿਸ਼ਾਂ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਸਿਆ ਕਿ ਭਾਰਤ ਸੰਘਰਸ਼ ਦਾ ਸੁਖਾਵੇਂ ਹੱਲ ਲੱਭਣ ਲਈ ਸਾਰੇ ਸ਼ਾਂਤੀ ਯਤਨਾਂ ’ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹੇਗਾ।
ਯੂਕਰੇਨ ਦਾ ਮੁੱਦਾ ਦੋਹਾਂ ਨੇਤਾਵਾਂ ਵਿਚਕਾਰ ਸਾਲਾਨਾ ਸਿਖਰ ਵਾਰਤਾ ਵਿਚ ਪ੍ਰਮੁੱਖਤਾ ਨਾਲ ਸਾਹਮਣੇ ਆਇਆ। ਸਿਖਰ ਸੰਮੇਲਨ ’ਚ ਟੈਲੀਵਿਜ਼ਨ ਉਤੇ ਅਪਣੇ ਸ਼ੁਰੂਆਤੀ ਭਾਸ਼ਣ ’ਚ ਮੋਦੀ ਨੇ ਕਿਹਾ, ‘‘ਭਾਰਤ ਨਿਰਪੱਖ ਨਹੀਂ ਹੈ ਕਿਉਂਕਿ ਉਹ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਸ਼ਾਂਤੀ ਦੇ ਪੱਖ ’ਚ ਹੈ। ਅਸੀਂ ਯੂਕਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਵਿਚਾਰ-ਵਟਾਂਦਰੇ ਕਰ ਰਹੇ ਹਾਂ। ਇਕ ਕਰੀਬੀ ਦੋਸਤ ਹੋਣ ਦੇ ਨਾਤੇ, ਤੁਸੀਂ ਸਾਨੂੰ ਸਥਿਤੀ ਬਾਰੇ ਨਿਯਮਿਤ ਤੌਰ ਉਤੇ ਜਾਣੂ ਕਰਵਾਉਂਦੇ ਰਹੇ ਹੋ। ਮੈਨੂੰ ਲਗਦਾ ਹੈ ਕਿ ਵਿਸ਼ਵਾਸ ਇਕ ਵੱਡੀ ਤਾਕਤ ਹੈ।’’
ਉਨ੍ਹਾਂ ਕਿਹਾ, ‘‘ਸਾਨੂੰ ਸਾਰਿਆਂ ਨੂੰ ਸ਼ਾਂਤੀ ਦਾ ਰਾਹ ਲੱਭਣਾ ਚਾਹੀਦਾ ਹੈ। ਮੈਂ ਤਾਜ਼ਾ ਯਤਨਾਂ ਤੋਂ ਜਾਣੂ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਦੁਨੀਆਂ ਸ਼ਾਂਤੀ ਵਲ ਮੁੜੇਗੀ। ਮੈਂ ਹਮੇਸ਼ਾ ਕਿਹਾ ਹੈ ਕਿ ਭਾਰਤ ਨਿਰਪੱਖ ਨਹੀਂ ਹੈ। ਭਾਰਤ ਦਾ ਇਕ ਪੱਖ ਹੈ ਅਤੇ ਉਹ ਪੱਖ ਸ਼ਾਂਤੀ ਹੈ। ਅਸੀਂ ਸ਼ਾਂਤੀ ਦੇ ਸਾਰੇ ਯਤਨਾਂ ਦਾ ਸਮਰਥਨ ਕਰਦੇ ਹਾਂ ਅਤੇ ਅਸੀਂ ਸ਼ਾਂਤੀ ਦੇ ਸਾਰੇ ਯਤਨਾਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।’’
ਅਪਣੇ ਵਲੋਂ ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਮਾਸਕੋ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਕੰਮ ਕਰ ਰਿਹਾ ਹੈ। ਰੂਸ ਦੇ ਨੇਤਾ ਦੀ ਨਵੀਂ ਦਿੱਲੀ ਯਾਤਰਾ ਇਸ ਲਈ ਵਧੇਰੇ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਇਹ ਭਾਰਤ-ਅਮਰੀਕਾ ਸਬੰਧਾਂ ਵਿਚ ਤੇਜ਼ੀ ਨਾਲ ਗਿਰਾਵਟ ਦੇ ਪਿਛੋਕੜ ਵਿਚ ਹੋ ਰਹੀ ਹੈ।
ਪੁਤਿਨ ਨੇ ਭਾਰਤ-ਈ.ਏ.ਈ.ਯੂ. ਤਰਜੀਹੀ ਵਪਾਰ ਸਮਝੌਤੇ ਉਤੇ ਜਲਦੀ ਦਸਤਖਤ ਕਰਨ ਦੀ ਵਕਾਲਤ ਕੀਤੀ
ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਯੂਰੇਸ਼ੀਅਨ ਆਰਥਕ ਸੰਘ (ਈ.ਏ.ਈ.ਯੂ.) ਵਿਚਾਲੇ ਤਰਜੀਹੀ ਵਪਾਰ ਸਮਝੌਤੇ ਉਤੇ ਜਲਦੀ ਦਸਤਖਤ ਕਰਨ ਨਾਲ ਵਸਤੂਆਂ, ਸੇਵਾਵਾਂ ਅਤੇ ਪੂੰਜੀ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ’ਚ ਆਉਣ ਵਾਲੀਆਂ ਰੁਕਾਵਟਾਂ ਘੱਟ ਹੋਣਗੀਆਂ। ਭਾਰਤ ਅਤੇ ਯੂਰੇਸ਼ੀਅਨ ਆਰਥਕ ਯੂਨੀਅਨ ਨੇ ਪਿਛਲੇ ਹਫ਼ਤੇ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਦਾ ਪਹਿਲਾ ਦੌਰ ਕੀਤਾ ਸੀ। ਭਾਰਤ ਅਤੇ ਪੰਜ ਦੇਸ਼ਾਂ ਦੇ ਸਮੂਹ ਯੂਰੇਸ਼ੀਅਨ ਆਰਥਕ ਸੰਘ (ਈ.ਏ.ਈ.ਯੂ.) ਨੇ 20 ਅਗੱਸਤ ਨੂੰ ਸਮਝੌਤੇ ਲਈ ਹਵਾਲਾ ਦੀਆਂ ਸ਼ਰਤਾਂ ਉਤੇ ਦਸਤਖਤ ਕੀਤੇ। ਰੂਸ, ਅਰਮੀਨੀਆ, ਬੇਲਾਰੂਸ, ਕਜ਼ਾਕਿਸਤਾਨ ਅਤੇ ਕਿਰਗਿਸਤਾਨ ਈ.ਏ.ਈ.ਯੂ. ਦੇ ਪੰਜ ਮੈਂਬਰ ਦੇਸ਼ ਹਨ।
ਭਾਰਤ-ਰੂਸ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਪੁਤਿਨ ਨੇ ਕਿਹਾ ਕਿ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਵਿਚਾਲੇ 2030 ਤਕ 100 ਅਰਬ ਡਾਲਰ ਦਾ ਵਪਾਰ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਦੋਹਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਦੇ ਸਰਗਰਮ ਯਤਨਾਂ ਦੀ ਲੋੜ ਹੈ। ਮੌਜੂਦਾ ਵਪਾਰ ਦਾ ਅਨੁਮਾਨ ਲਗਭਗ 70 ਅਰਬ ਡਾਲਰ ਹੈ। ਪੁਤਿਨ ਨੇ ਕਿਹਾ ਕਿ ਦੋਹਾਂ ਖੇਤਰਾਂ ਲਈ ਵਸਤਾਂ, ਸੇਵਾਵਾਂ ਅਤੇ ਪੂੰਜੀ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਰੁਕਾਵਟਾਂ ਨੂੰ ਘਟਾਉਣਾ ਮਹੱਤਵਪੂਰਨ ਹੈ।
