
ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਫਿਰੋਜ਼ਪੁਰ ਰੈਲੀ ਨੂੰ ਰੱਦ ਕਰਨ ਤੋਂ ਬਾਅਦ ਭਾਜਪਾ ਵਲੋਂ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਜਾ ਰਹੇ ਹਨ।
ਨਵੀਂ ਦਿੱਲੀ: ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਿਰੋਜ਼ਪੁਰ ਵਿਚ ਪ੍ਰਸਤਾਵਿਤ ਰੈਲੀ ਨੂੰ ਰੱਦ ਕਰਨ ਤੋਂ ਬਾਅਦ ਭਾਜਪਾ ਵਲੋਂ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਜਾ ਰਹੇ ਹਨ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਸਿਆਸੀ ਧਿਰਾਂ ਇਕ ਦੂਜੇ ਖਿਲਾਫ਼ ਬਿਆਨਬਾਜ਼ੀ ਕਰ ਰਹੀਆਂ ਹਨ। ਇਸ ਤੋਂ ਬਾਅਦ ਸਮਾਜਿਕ ਅਤੇ ਰਾਜਨੀਤਿਕ ਕਾਰਕੁੰਨ ਹਰਦਿਕ ਪਟੇਲ ਨੇ ਵੀ ਭਾਜਪਾ ਸਮਰਥਕਾਂ ਨੂੰ ਝਾੜ ਪਾਈ ਹੈ।
ਉਹਨਾਂ ਨੇ ਟਵੀਟ ਕਰਦਿਆਂ ਕਿਹਾ, “ਮੈਂ ਭਾਜਪਾ ਭਗਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਨੂੰ ਦੇਸ਼ ਭਗਤੀ ਦਾ ਪਾਠ ਨਾ ਪੜ੍ਹਾਉਣ ਕਿਉਂਕਿ ਤੁਸੀਂ ਓਨੀ ਵਾਰ ਤਿਰੰਗਾ ਨਹੀਂ ਦੇਖਿਆ ਹੋਵੇਗਾ ਜਿੰਨਾ ਪੰਜਾਬ ਨੇ ਆਪਣੇ ਪੁੱਤਰਾਂ ਦੁਆਲੇ ਲਿਪਟਿਆ ਹੋਇਆ ਦੇਖਿਆ ਹੈ”।
ਇਕ ਹੋਰ ਟਵੀਟ ਜ਼ਰੀਏ ਹਾਰਦਿਕ ਪਟੇਲ ਨੇ ਮੀਡੀਆ ਨੂੰ ਝਾੜ ਪਾਈ। ਉਹਨਾਂ ਲਿਖਿਆ, ''ਮੈਂ ਮੀਡੀਆ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ 24 ਘੰਟਿਆਂ ਤੋਂ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ''ਕੁਤਾਹੀ'' ਇਹੀ ਸ਼ਬਦ ਸੁਣਾਈ ਜਾ ਰਹੇ ਹੋ ਪਰ ਸੁਰੱਖਿਆ ਵਿਚ ਕਮੀ ਦਾ ਮਤਲਬ ਹੈ ਪੁਲਵਾਮਾ ਵਿਚ ਜੋ ਹੋਇਆ ਸੀ ਉਸ ਨੂੰ ਕਹਿੰਦੇ ਹਾਂ? ਪੁਲਵਾਮਾ 'ਚ ਸਾਡੇ ਜਵਾਨ ਸ਼ਹੀਦ ਹੋਏ ਸਨ ਅਤੇ ਉਦੋਂ ਗੁਪਤ ਏਜੰਸੀਆਂ ਨੂੰ ਵੀ ਪਤਾ ਸੀ ਕਿ ਸੜਕ ਰਾਂਹੀ ਜਾਣ ਨਾਲ ਖ਼ਤਰਾ ਹੈ।''
ਕਾਂਗਰਸ ਨੇਤਾ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਵੀ ਕੀਤਾ ਟਵੀਟ
ਇਸ ਸਬੰਧੀ ਕਾਂਗਰਸ ਨੇਤਾ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਟਵੀਟ ਕਰਦਿਆਂ ਕਿਹਾ, ''ਪ੍ਰਧਾਨ ਮੰਤਰੀ ਦੀ ''ਸ਼ਾਨ'' ਸੁਰੱਖਿਆ ਅਤੇ "ਸਨਮਾਨ" ਵਿਚ ਕੋਈ ਗੁਸਤਾਖ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪਰ ਅਪਣੇ ਹੀ ਦੇਸ਼ ਦੇ ਲੋਕਾਂ ਤੋਂ ਸਾਡੇ ''ਮਨਪਸੰਦ'' ਨੇਤਾ ਨੂੰ ਇੰਨਾ ਡਰਨ ਦੀ ਕੀ ਲੋੜ ਹੈ?''
PM ਦੀ ਪੰਜਾਬ ਫੇਰੀ ਦੌਰਾਨ ਹੋਈ ਸੁਰੱਖਿਆ ਕੁਤਾਹੀ ਬੇਹੱਦ ਚਿੰਤਾਜਨਕ- ਮਾਇਆਵਤੀ
ਬਹੁਜਨ ਸਮਾਜ ਪਾਰਟੀ ਦੇ ਸੁਪ੍ਰੀਮੋ ਮਾਇਆਵਤੀ ਨੇ ਵੀ ਇਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਹੋਈ ਸੁਰੱਖਿਆ ਕੁਤਾਹੀ ਬੇਹੱਦ ਚਿੰਤਾਜਨਕ ਹੈ। ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਅਤੇ ਉੱਚ ਪੱਧਰੀ ਨਿਰਪੱਖ ਜਾਂਚ ਦੀ ਲੋੜ ਹੈ ਤਾਂ ਜੋ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲ ਸਕੇ ਅਤੇ ਭਵਿੱਖ ’ਚ ਅਜਿਹੀ ਘਟਨਾ ਨਾ ਵਾਪਰੇ। ਮਾਇਆਵਤੀ ਨੇ ਅੱਗੇ ਲਿਖਿਆ ਕਿ ਪੰਜਾਬ ਆਦਿ ਸੂਬਿਆਂ ’ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਸ ਘਟਨਾ ਨੂੰ ਲੈ ਕੇ ਕੀਤੀ ਜਾ ਰਹੀ ਸਿਆਸੀ ਖਿੱਚੋਤਾਣ, ਬਿਆਨਬਾਜ਼ੀ ਅਤੇ ਸਿਆਸਤ ਠੀਕ ਨਹੀਂ ਹੈ, ਇਸ ਸਿਆਸਤ ਨੂੰ ਖਤਮ ਕਰਕੇ ਇਸ ਦੀ ਗੰਭੀਰਤਾ ਅਨੁਸਾਰ ਨਿਰਪੱਖ ਜਾਂਚ ਹੋਣ ਦੇਣਾ ਹੀ ਉਚਿਤ ਹੈ।
ਸੂਬਾ ਸਰਕਾਰ 'ਤੇ ਦੋਸ਼ ਲਗਾਉਣਾ ਸਹੀ ਨਹੀਂ: ਮਲਿਕਾਅਰਜੁਨ ਖੜਗੇ
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਇਸ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹਰ ਕੋਈ ਪ੍ਰਧਾਨ ਮੰਤਰੀ ਦਾ ਸਨਮਾਨ ਕਰਦਾ ਹੈ। ਤੁਹਾਨੂੰ ਸੜਕ ਰਾਹੀਂ ਜਾਣ ਲਈ ਕਿਸ ਨੇ ਕਿਹਾ? ਕੀ ਤੁਸੀਂ ਇਸ ਬਾਰੇ ਸੂਬਾ ਸਰਕਾਰ ਨਾਲ ਗੱਲ ਕੀਤੀ ਸੀ? ਲੋਕ ਸੜਕਾਂ 'ਤੇ ਆਏ, ਪੰਜਾਬ ਸਰਕਾਰ ਕਾਬੂ ਨਹੀਂ ਪਾ ਸਕੀ, ਕੁਝ ਗਲਤਫਹਿਮੀ ਹੋਈ। ਵਾਪਸ ਚਲੇ ਜਾਣਾ ਬਿਹਤਰ ਹੁੰਦਾ, ਸੂਬਾ ਸਰਕਾਰ 'ਤੇ ਦੋਸ਼ ਲਗਾਉਣਾ ਸਹੀ ਨਹੀਂ ਹੈ।