ਇਜ਼ਰਾਈਲੀ ਫੌਜ ਨੇ ਕਿਹਾ ਕਿ ਮੇਰੋਨ ਖੇਤਰ ਵਲ ਲਗਭਗ 40 ਰਾਕੇਟ ਦਾਗੇ ਗਏ, ਪਰ ਉਸ ਨੇ ਅੱਡੇ ਦਾ ਜ਼ਿਕਰ ਨਹੀਂ ਕੀਤਾ।
ਬੇਰੂਤ : ਲੇਬਨਾਨ ਦੀ ਜਥੇਬੰਦੀ ਹਿਜ਼ਬੁੱਲਾ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਰਾਜਧਾਨੀ ਬੈਰੂਤ ’ਚ ਅਪਣੇ ਸਹਿਯੋਗੀ ਹਮਾਸ ਦੇ ਇਕ ਸਿਖਰਲੇ ਨੇਤਾ ਦੇ ਸੰਭਾਵਤ ਤੌਰ ’ਤੇ ਇਜ਼ਰਾਈਲ ਵਲੋਂ ਕਤਲ ਕੀਤੇ ਜਾਣ ਤੋਂ ਬਾਅਦ ਸ਼ੁਰੂਆਤੀ ਜਵਾਬੀ ਕਾਰਵਾਈ ’ਚ ਸਨਿਚਰਵਾਰ ਨੂੰ ਉੱਤਰੀ ਇਜ਼ਰਾਈਲ ਵਲ ਦਰਜਨਾਂ ਰਾਕੇਟ ਦਾਗੇ।
ਹਿਜ਼ਬੁੱਲਾ ਦੇ ਨੇਤਾ ਸਈਦ ਹਸਨ ਨਸਰਾਲਾ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦਾ ਸਮੂਹ ਹਮਾਸ ਦੇ ਉਪ ਸਿਆਸੀ ਨੇਤਾ ਸਾਲੇਹ ਅਰੂਰੀ ਦੇ ਕਤਲ ਦਾ ਜਵਾਬ ਦੇਵੇਗਾ।
ਨਸਰਾਲਾ ਨੇ ਕਿਹਾ ਕਿ ਜੇਕਰ ਹਿਜ਼ਬੁੱਲਾ ਨੇ ਦਖਣੀ ਬੇਰੂਤ ’ਚ ਅਰੋਰੀ ਦੇ ਕਤਲ ਬਾਰੇ ਜਵਾਬੀ ਕਾਰਵਾਈ ਨਾ ਕੀਤੀ ਤਾਂ ਸਾਰੇ ਲੇਬਨਾਨੀ ਇਜ਼ਰਾਈਲੀਆਂ ’ਤੇ ਹਮਲੇ ਹੋ ਸਕਦੇ ਹਨ। ਹਿਜ਼ਬੁੱਲਾ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ਮਾਊਂਟ ਮੇਰੋਨ ਦੇ ਹਵਾਈ ਨਿਗਰਾਨੀ ਅੱਡੇ ਵਲ 62 ਰਾਕੇਟ ਦਾਗੇ, ਜੋ ਸਿੱਧਾ ਨਿਸ਼ਾਨੇ ’ਤੇ ਲੱਗੇ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਮੇਰੋਨ ਖੇਤਰ ਵਲ ਲਗਭਗ 40 ਰਾਕੇਟ ਦਾਗੇ ਗਏ, ਪਰ ਉਸ ਨੇ ਅੱਡੇ ਦਾ ਜ਼ਿਕਰ ਨਹੀਂ ਕੀਤਾ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਮੱਧ ਪੂਰਬ ਦੇ ਦੌਰੇ ’ਤੇ ਹਨ, ਜਿਸ ਦਾ ਉਦੇਸ਼ 14 ਹਫਤਿਆਂ ਤੋਂ ਚੱਲ ਰਹੇ ਇਜ਼ਰਾਈਲ-ਹਮਾਸ ਜੰਗ ਨੂੰ ਪੂਰੇ ਖੇਤਰ ਵਿਚ ਫੈਲਣ ਤੋਂ ਰੋਕਣਾ ਹੈ। ਬਲਿੰਕਨ ਸਨਿਚਰਵਾਰ ਨੂੰ ਤੁਰਕੀਏ ਵਿਚ ਹਨ, ਜਿੱਥੇ ਉਹ ਦੇਸ਼ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ। ਤਿੰਨ ਮਹੀਨਿਆਂ ’ਚ ਬਲਿੰਕਨ ਦੀ ਇਹ ਚੌਥੀ ਪਛਮੀ ਏਸ਼ੀਆ ਯਾਤਰਾ ਹੈ।
ਗਾਜ਼ਾ ਵਿਚ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਕੌਮਾਂਤਰੀ ਪੱਧਰ ’ਤੇ ਆਲੋਚਨਾ ਹੋ ਰਹੀ ਹੈ। ਜੰਗ ਨੂੰ ਲੈ ਕੇ ਅਮਰੀਕਾ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਲਾਲ ਸਾਗਰ, ਲੇਬਨਾਨ, ਈਰਾਨ ਅਤੇ ਸੀਰੀਆ ’ਚ ਹਾਲ ਹੀ ’ਚ ਹੋਏ ਹਮਲਿਆਂ ਤੋਂ ਬਾਅਦ ਅਮਰੀਕਾ ਦੀਆਂ ਚਿੰਤਾਵਾਂ ਵਧ ਗਈਆਂ ਹਨ।