
ਮੁਲਜ਼ਮ ਨੂੰ ਛੱਤੀਸਗੜ੍ਹ ਲੈ ਕੇ ਆਈ ਐਸ.ਆਈ.ਟੀ., ਪਤਨੀ ਵੀ ਗ੍ਰਿਫ਼ਤਾਰ
ਛੱਤੀਸਗੜ੍ਹ ’ਚ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਮਾਮਲੇ ’ਚ ਐਸ.ਆਈ.ਟੀ. ਟੀਮ ਨੂੰ ਵੱਡੀ ਸਫ਼ਲਤਾ ਮਿਲੀ ਹੈ। ਟੀਮ ਨੇ ਮੁਲਜ਼ਮ ਠੇਕੇਦਾਰ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਬੀਜਾਪੁਰ ਦੇ ਪੱਤਰਕਾਰ ਮੁਕੇਸ਼ ਚੰਦਰਾਕਰ ਦੀ ਹੱਤਿਆ ਤੋਂ ਬਾਅਦ ਫ਼ਰਾਰ ਹੋਏ ਦੋਸ਼ੀ ਠੇਕੇਦਾਰ ਸੁਰੇਸ਼ ਚੰਦਰਾਕਰ ਨੂੰ ਬੀਤੀ ਰਾਤ ਐਸ.ਆਈ.ਟੀ. ਟੀਮ ਨੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਜਿਸ ਨੂੰ ਅਪਣੇ ਨਾਲ ਬੀਜਾਪੁਰ ਲਿਆਂਦਾ ਜਾ ਰਿਹਾ ਹੈ। ਜਿੱਥੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੁਲਿਸ ਨੇ ਸੁਰੇਸ਼ ਦੀ ਪਤਨੀ ਨੂੰ ਵੀ ਕਾਂਕੇਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰ ਮੁਕੇਸ਼ ਚੰਦਰਾਕਰ, ਰਿਤੇਸ਼ ਚੰਦਰਾਕਰ, ਦਿਨੇਸ਼ ਚੰਦਰਾਕਰ ਅਤੇ ਮਹਿੰਦਰ ਰਾਮਟੇਕੇ ਦੀ ਹੱਤਿਆ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਹੈ।
ਘਟਨਾ ਤੋਂ ਬਾਅਦ ਤੋਂ ਫ਼ਰਾਰ ਮੁੱਖ ਦੋਸ਼ੀ ਸੁਰੇਸ਼ ਚੰਦਰਾਕਰ ਨੂੰ ਵੀ ਐਸਆਈਟੀ ਟੀਮ ਨੇ ਫੜ ਲਿਆ ਹੈ। ਪੁਲਿਸ ਨੇ ਸੁਰੇਸ਼ ਚੰਦਰਾਕਰ ਦੇ ਕੁਝ ਬੈਂਕ ਖ਼ਾਤੇ ਜ਼ਬਤ ਕਰ ਲਏ ਹਨ। ਪ੍ਰਸ਼ਾਸਨ ਨੇ ਸੁਰੇਸ਼ ਚੰਦਰਾਕਰ ਵਲੋਂ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਡੰਪਿੰਗ ਯਾਰਡ ਬਣਾਇਆ ਹੋਇਆ ਸੀ। ਹਾਲ ਹੀ ’ਚ ਪ੍ਰਸ਼ਾਸਨ ਨੇ ਜੇਸੀਬੀ ਚਲਾ ਕੇ ਉਸ ਨੂੰ ਹਟਾ ਦਿਤਾ। ਮੁਕੇਸ਼ ਵਲੋਂ ਸੜਕ ਦੀ ਮਾੜੀ ਉਸਾਰੀ ਸਬੰਧੀ ਖ਼ਬਰ ਪ੍ਰਕਾਸ਼ਤ ਕੀਤੀ ਗਈ ਸੀ।
ਜਿਸ ਤੋਂ ਬਾਅਦ ਠੇਕੇਦਾਰ ਦਾ ਭਰਾ ਰਿਤੇਸ਼ ਚੰਦਰਾਕਰ 1 ਜਨਵਰੀ ਦੀ ਰਾਤ ਨੂੰ ਮੁਕੇਸ਼ ਨੂੰ ਬੀਜਾਪੁਰ ਦੇ ਚਟਨਪਾੜਾ ਸਥਿਤ ਠੇਕੇਦਾਰ ਸੁਰੇਸ਼ ਚੰਦਰਾਕਰ ਦੀ ਕੋਠੀ ਵਿਚ ਲੈ ਗਿਆ। ਜਿੱਥੇ ਰਾਤ ਦੇ ਖਾਣੇ ਦੌਰਾਨ ਦੋਸ਼ੀ ਰਿਤੇਸ਼ ਚੰਦਰਾਕਰ ਨੇ ਮੁਕੇਸ਼ ਚੰਦਰਾਕਰ ਨਾਲ ਪਰਵਾਰਕ ਸਬੰਧ ਹੋਣ ਦੇ ਬਾਵਜੂਦ ਸਾਡੀ ਮਦਦ ਕਰਨ ਦੀ ਬਜਾਏ ਸਾਡੇ ਕੰਮ ਵਿਚ ਰੁਕਾਵਟ ਪਾਉਣ ਦੀ ਗੱਲ ਕੀਤੀ। ਇਸ ਦੌਰਾਨ ਝਗੜਾ ਹੋ ਗਿਆ।
ਇਸ ਦੌਰਾਨ ਮੁਲਜ਼ਮ ਰਿਤੇਸ਼ ਚੰਦਰਾਕਰ ਨੇ ਘੇਰਾਬੰਦੀ ’ਚ ਮੌਜੂਦ ਸੁਪਰਵਾਈਜ਼ਰ ਮਹਿੰਦਰ ਰਾਮਟੇਕੇ ਨਾਲ ਮਿਲ ਕੇ ਮੁਕੇਸ਼ ਚੰਦਰਾਕਰ ਦੇ ਸਿਰ, ਛਾਤੀ, ਪੇਟ ਅਤੇ ਪਿੱਠ ’ਤੇ ਲੋਹੇ ਦੀ ਰਾਡ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿਤਾ। ਲਾਸ਼ ਨੂੰ ਨੇੜੇ ਦੇ ਸੈਪਟਿਕ ਟੈਂਕ ਵਿਚ ਨਿਪਟਾਰੇ ਲਈ ਰਖਿਆ ਗਿਆ। ਇਸ ਨੂੰ ਸਲੈਬ ਦੇ ਢੱਕਣ ਨਾਲ ਬੰਦ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਰਿਤੇਸ਼ ਨੇ ਕਤਲ ਬਾਰੇ ਦੱਸਦਿਆਂ ਆਪਣੀ ਕਾਰ ਲੈ ਕੇ ਰਾਏਪੁਰ ਏਅਰਪੋਰਟ ਨੇੜੇ ਖੜ੍ਹੀ ਕਰ ਦਿੱਤੀ ਅਤੇ ਦਿੱਲੀ ਭੱਜ ਗਿਆ, ਜਦਕਿ ਸੁਰਿੰਦਰ ਆਪਣੀ ਕਾਰ ’ਚ ਹੈਦਰਾਬਾਦ ਭੱਜ ਗਿਆ।
ਪੁਲਿਸ ਨੇ ਇਸ ਮਾਮਲੇ ’ਚ ਰਿਤੇਸ਼ ਨੂੰ ਦਿੱਲੀ ਤੋਂ ਅਤੇ ਹੋਰ ਦੋਸ਼ੀਆਂ ਨੂੰ ਬੀਜਾਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਮੁਕੇਸ਼ ਦੇ ਕਤਲ ਤੋਂ ਬਾਅਦ ਬਣਾਈ ਗਈ ਐਸਆਈਟੀ ਟੀਮ ਨੇ ਸੁਰੇਸ਼ ਚੰਦਰਾਕਰ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਕੇ ਬੀਜਾਪੁਰ ਲਿਆਂਦਾ ਹੈ, ਜਿੱਥੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੁਰੇਸ਼ ਦੀ ਪਤਨੀ ਨੂੰ ਕਾਂਕੇਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।