
ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਪਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਬਿਨਾਂ ਇਜਾਜ਼ਤ ਰੈਲੀ ਕੀਤੀ ਅਤੇ ਮੰਚ ਤੋਂ 'ਮਾਣ ਨਾਲ ਕਹੋ ਅਸੀਂ ਹਿੰਦੂ ਹਾਂ'....
ਪੁਰੂਲੀਆ : ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਪਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਬਿਨਾਂ ਇਜਾਜ਼ਤ ਰੈਲੀ ਕੀਤੀ ਅਤੇ ਮੰਚ ਤੋਂ 'ਮਾਣ ਨਾਲ ਕਹੋ ਅਸੀਂ ਹਿੰਦੂ ਹਾਂ' ਦੇ ਨਾਹਰੇ ਲਾਏ। ਪਛਮੀ ਬੰਗਾਲ ਸਰਕਾਰ ਨੇ ਇਸ ਰੈਲੀ ਦੀ ਇਜਾਜ਼ਤ ਨਹੀਂ ਦਿਤੀ ਸੀ। ਇਸ ਤੋਂ ਪਹਿਲਾਂ ਭਾਜਪਾ ਦਾ ਕਹਿਣਾ ਸੀ ਕਿ ਰੈਲੀ ਹੋ ਕੇ ਰਹੇਗੀ। ਸੂਤਰਾਂ ਮੁਤਾਬਕ ਕਾਗ਼ਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਪਛਮੀ ਬੰਗਾਲ ਸਰਕਾਰ ਨੇ ਰੈਲੀ ਦੀ ਇਜਾਜ਼ਤ ਨਹੀਂ ਦਿਤੀ ਸੀ। ਬੰਗਾਲ ਸਰਕਾਰ ਨੇ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਦੀ ਮੁਰਸ਼ਿਦਾਬਾਦ ਰੈਲੀ ਨੂੰ ਵੀ ਪ੍ਰਵਾਨਗੀ ਨਹੀਂ ਦਿਤੀ ਹੈ। ਯੋਗੀ ਪਹਿਲਾਂ ਜਹਾਜ਼ ਰਾਹੀਂ ਰਾਂਚੀ ਗਏ ਅਤੇ ਉਥੋਂ ਬੋਕਾਰੋ ਤੇ
ਫਿਰ ਸੜਕ ਰਾਹੀਂ ਪੂਰਲੀਆ ਪਹੁੰਚੇ। ਉਨ੍ਹਾਂ ਭਾਸ਼ਨ ਸ਼ੁਰੂ ਕਰਦਿਆਂ ਕਿਹਾ ਕਿ ਉਹ ਬੰਗਾਲ ਦੀ ਧਰਤੀ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਨ। ਯੋਗੀ ਨੇ ਕਿਹਾ ਕਿ ਬੰਗਾਲ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਰਿਹਾ ਹੈ ਅਤੇ ਹੁਣ ਇਕ ਵਾਰ ਫਿਰ ਇਸ ਕੁਸ਼ਾਸਨ ਵਿਰੁਧ ਲੜਨਾ ਪਵੇਗਾ। ਬੰਗਾਲ ਵਿਚ ਭਾਜਪਾ ਦੇ ਕਾਰਕੁਨਾਂ 'ਤੇ ਹਮਲੇ ਹੋਏ ਹਨ। ਭਾਸ਼ਨ ਦੌਰਾਨ ਉਨ੍ਹਾਂ 'ਮਾਣ ਨਾਲ ਕਹੋ, ਅਸੀਂ ਹਿੰਦੂ ਹਾਂ' ਦਾ ਨਾਹਰਾ ਲਾਇਆ ਅਤੇ ਜੈ ਸ੍ਰੀਰਾਮ ਨਾਲ ਅਪਣਾ ਭਾਸ਼ਨ ਖ਼ਤਮ ਕੀਤਾ। ਯੋਗੀ ਨੇ ਕਿਹਾ ਕਿ ਟੀਐਮਸੀ ਜਿਹੀ ਭ੍ਰਿਸ਼ਟ ਸਰਕਾਰ ਜਿਥੇ ਹੈ, ਉਥੇ ਲੋਕਾਂ ਨੂੰ ਦੁਰਗਾ ਪੂਜਾ ਤੋਂ ਰੋਕਿਆ ਜਾਂਦਾ ਹੈ। ਬੰਗਾਲ ਨੇ ਰਾਸ਼ਟਰੀ ਗੀਤ ਦਿਤਾ। ਉਨ੍ਹਾਂ ਕਿਹਾ ਕਿ ਟੀਐਮਸੀ ਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ। (ਏਜੰਸੀ)