
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 11 ਫਰਵਰੀ ਨੂੰ ਠਾਕੁਰ ਨਗਰ ਵਿਚ ਕਰਨਗੇ ਰੈਲੀ
ਨਵੀਂ ਦਿੱਲੀ : ਜਿਉਂ-ਜਿਉਂ ਪੱਛਮੀ ਬੰਗਾਲ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਆਗੂਆਂ ਦੀਆਂ ਪੱਛਮੀ ਬੰਗਾਲ ਵੱਲ ਫੇਰੀਆਂ ਵੀ ਵੱਧ ਗਈਆਂ ਹਨ। ਅੱਜ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਪੱਛਮੀ ਬੰਗਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਮਾਲਦਾ ਵਿਖੇ ਇਕ ਇਕੱਠ ਨੂੰ ਸੰਬੋਧਨ ਕੀਤਾ ਅਤੇ ਸਥਾਨਕ ਲੋਕਾਂ ਅਤੇ ਕਿਸਾਨਾਂ ਨਾਲ ਇਕੱਠੇ ਬਹਿ ਕੇ ਖਾਣਾ ਖਾਧਾ।
J.P. Nadha
ਇਨ੍ਹਾਂ ਸਰਗਰਮੀਆਂ ਨੂੰ ਭਾਜਪਾ ਦੇ ਬੰਗਾਲ ਵਿਚ ਕਿਸਾਨ ਪੱਤੇ ਵਜੋਂ ਵੇਖਿਆ ਜਾ ਰਿਹਾ ਹੈ। ਭਾਜਪਾ ਦੀ ਮਨਸ਼ਾ ਪੱਛਮੀ ਬੰਗਾਲ ਨੂੰ ਕਿਸਾਨਾਂ ਦੇ ਮੁੱਦੇ ‘ਤੇ ਜਿੱਤ ਕੇ ਇਸ ਨੂੰ ਪੂਰੇ ਦੇਸ਼ ਵਿਚ ਪ੍ਰਚਾਰਨ ਦੀ ਹੈ। ਕੁੱਝ ਅਜਿਹਾ ਹੀ ਪ੍ਰਚਾਰ ਉਹ ਪਿਛਲੇ ਸਾਲ ਬਿਹਾਰ ਚੋਣਾਂ ਵਿਚ ਵੱਡੀ ਪਾਰਟੀ ਵਜੋਂ ਉਭਰਨ ਬਾਅਦ ਕਰ ਚੁੱਕੀ ਹੈ। ਬਿਹਾਰ ਵਿਚ ਭਾਵੇਂ ਪਾਰਟੀ ਨੂੰ ਸਰਕਾਰ ਬਣਾਉਣ ਦਾ ਅੰਕੜਾ ਨਸੀਬ ਨਹੀਂ ਹੋਇਆ ਪਰ ਨਤੀਸ਼ ਕੁਮਾਰ ਦੀ ਪਾਰਟੀ ਨੂੰ ਖੋਰਾ ਲਾ ਕੇ ਖੁਦ ਨੂੰ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਸਥਾਪਤ ਕਰ ਲਿਆ ਹੈ।
Amit with Mamta
ਪੱਛਮੀ ਬੰਗਾਲ ਤੋਂ ਅਗਲਾ ਨਿਸ਼ਾਨਾ ਪੰਜਾਬ ਚੋਣਾਂ ਹਨ, ਜਿੱਥੇ ਹਾਲ ਦੀ ਘੜੀ ਭਾਜਪਾ ਮਿਉਂਸਪਲ ਚੋਣਾਂ ਵਿਚ ਹਿੱਸਾ ਲੈਣ ਦੀ ਹਾਲਤ ਵਿਚ ਵੀ ਨਹੀਂ ਹੈ, ਪਰ ਜਿਸ ਹਿਸਾਬ ਨਾਲ ਉਹ ਪੱਛਮੀ ਬੰਗਾਲ ਵਿਚ ਕਿਸਾਨੀ ਮੁੱਦੇ ਨੂੰ ਉਭਾਰਨ ਦਾ ਕੰਮ ਕਰ ਰਹੀ ਹੈ, ਉਸ ਤੋਂ ਭਾਜਪਾ ਦੇ ਪੰਜਾਬ ਬਾਰੇ ਮਨਸੂਬੇ ਵੀ ਜਾਹਰ ਹੋਣ ਲੱਗੇ ਹਨ। ਇਸ ਦਾ ਸੰਕੇਤ ਬੀਤੇ ਦਿਨਾਂ ਦੌਰਾਨ ਭਾਜਪਾ ਆਗੂਆਂ ਵਲੋਂ ਆਪਣੇ ਬਲਬੂਤੇ ‘ਤੇ ਪੰਜਾਬ ਜਿੱਤਣ ਦੇ ਕੀਤੇ ਦਾਅਵਿਆਂ ਤੋਂ ਮਿਲ ਜਾਂਦਾ ਹੈ। ਦੂਜੇ ਪਾਸੇ ਈਵੀਐਮ 'ਤੇ ਸਵਾਲ ਚੁੱਕਣ ਵਾਲੇ ਵਰਗ ਨੇ ਵੀ ਪੱਛਮੀ ਬੰਗਾਲ ਵਿਚ ਬਿਹਾਰ ਵਾਲਾ ਇਤਿਹਾਸ ਦੁਹਰਾਏ ਜਾਣ ਦੇ ਸ਼ੰਕੇ ਜਾਹਰ ਕਰਨੇ ਸ਼ੁਰੂ ਕਰ ਦਿਤੇ ਹਨ।
Mamta banerjee
ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੱਛਮੀ ਬੰਗਾਲ ਵਿਚ ਸਰਗਰਮੀਆਂ ਵਧਾ ਦਿਤੀਆਂ ਹਨ। 11 ਫਰਵਰੀ ਨੂੰ ਗ੍ਰਹਿ ਮੰਤਰੀ ਪੱਛਮੀ ਬੰਗਾਲ ਦੇ ਠਾਕੁਰ ਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਅਮਿਤ ਸ਼ਾਹ ਬੰਗਾਲ ਦੇ ਮਤੂਆ ਕਮਿਊਨਿਟੀ ਨੂੰ ਵੀ ਸੰਬੋਧਨ ਕਰਨਗੇ। ਭਾਜਪਾ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਸ ਰੈਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਮਿਤ ਸ਼ਾਹ ਦੁਪਹਿਰ 3.30 ਵਜੇ ਮਤੂਆ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ।