
ਅਮਰੀਕਾ ਤੋਂ ਡਿਪੋਰਟ ਕੀਤੇ ਅੰਬਾਲਾ ਦੇ ਨੌਜਵਾਨ ਦੇ ਪਿਤਾ ਦਾ ਛਲਕਿਆ ਦਰਦ
ਬੀਤੇ ਦਿਨ (5 ਫ਼ਰਵਰੀ) ਨੂੰ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਜਿਸ ਤੋਂ ਬਾਅਦ ਡਿਪੋਰਟ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ।
ਅੰਬਾਲਾ ਦੇ ਇੱਕ ਸੇਵਾਮੁਕਤ ਪੁਲਿਸ ਕਰਮਚਾਰੀ ਦੇ ਪੁੱਤਰ ਜਿਤੇਸ਼ ਨੂੰ ਵੀ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਅਤੇ ਉਹ ਘਰ ਵਾਪਸ ਆ ਗਿਆ। ਜਿਸ ਤੋਂ ਬਾਅਦ ਪਰਿਵਾਰ ਵਿੱਤੀ ਸਥਿਤੀ ਨੂੰ ਲੈ ਕੇ ਚਿੰਤਤ ਹੈ। ਕਿਉਂਕਿ ਜਿਤੇਸ਼ ਨੇ ਆਪਣੀ ਦੁਕਾਨ ਵੇਚ ਦਿੱਤੀ ਸੀ ਅਤੇ ਉਸ ਦੇ ਪਿਤਾ ਨੇ ਉਸ ਨੂੰ ਅਮਰੀਕਾ ਭੇਜਣ ਲਈ ਆਪਣੀ ਰਿਟਾਇਰਮੈਂਟ ਦੇ ਪੈਸੇ ਵਰਤੇ ਸਨ।
ਜਿਤੇਸ਼ ਦੇ ਪਿਤਾ, ਜੋ ਕਿ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਹਨ, ਨੇ ਕਿਹਾ ਕਿ ਉਹਨਾਂ ਨੂੰ ਇੱਕ ਏਜੰਟ ਨੇ ਗੁੰਮਰਾਹ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ 40 ਤੋਂ 45 ਲੱਖ ਰੁਪਏ ਖ਼ਰਚ ਕੀਤੇ।
ਉਹਨਾਂ ਨੂੰ ਵੱਡੇ ਸੁਪਨੇ ਦਿਖਾਏ ਗਏ, ਕਿਹਾ ਗਿਆ ਕਿ ਉਹਨਾਂ ਦਾ ਪੁੱਤਰ ਹਵਾਈ ਜਹਾਜ਼ ਰਾਹੀਂ ਯਾਤਰਾ ਕਰੇਗਾ, ਪਰ ਉਹਨਾਂ ਨੂੰ ਡੰਕੀ ਲਗਵਾ ਕੇ ਜੰਗਲਾਂ ਦੇ ਰਸਤੇ ਪੈਦਲ ਭੇਜਿਆ ਗਿਆ। ਕਿਹਾ, ਮੇਰਾ ਪੁੱਤਰ 19 ਜਨਵਰੀ ਨੂੰ ਹੀ ਅਮਰੀਕਾ ਪਹੁੰਚਿਆ ਸੀ ਅਤੇ ਹੁਣ ਉਹ ਵਾਪਸ ਆ ਗਿਆ ਹੈ। ਇਸ ਲਈ ਏਜੰਟ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣੇ ਚਾਹੀਦੇ ਹਨ।