
ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 7 ਦਿਨਾਂ ਅੰਦਰ ਲਿਖਤੀ ਸਪੱਸ਼ਟੀਕਰਨ ਪੇਸ਼ ਕਰਨ ਦਾ ਹੁਕਮ ਦਿਤਾ
Stop Ragging : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਰੈਗਿੰਗ ਰੋਕੂ ਨਿਯਮਾਂ ਦਾ ਪਾਲਣ ਨਾ ਕਰਨ ’ਤੇ 18 ਮੈਡੀਕਲ ਕਾਲਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਨ੍ਹਾਂ ਯੂਨੀਵਰਸਿਟੀਆਂ ’ਚ ਦਿੱਲੀ, ਤਾਮਿਲਨਾਡੂ, ਅਸਮ ਅਤੇ ਪੁਦੂਚੇਰੀ ਦੇ ਦੋ-ਦੋ, ਆਂਧਰ ਪ੍ਰਦੇਸ਼ ਅਤੇ ਬਿਹਾਰ ਦੇ ਤਿੰਨ-ਤਿੰਨ ਅਤੇ ਮੱਧ ਪ੍ਰਦੇਸ਼, ਤੇਲੰਗਾਨਾ, ਪਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਦਾ ਇਕ-ਇਕ ਕਾਲਜਾਂ ਸ਼ਾਮਲ ਹਨ।
ਯੂ.ਜੀ.ਸੀ. ਦੇ ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ, ‘‘ਇਹ ਪਾਇਆ ਗਿਆ ਹੈ ਕਿ ਇਨ੍ਹਾਂ ਕਾਲਜਾਂ ਨੇ ਰੈਗਿੰਗ ਦੇ ਖ਼ਤਰੇ ਨੂੰ ਰੋਕਣ ਲਈ ਰੈਗਿੰਗ ਰੋਕਥਾਮ ਰੈਗੂਲੇਸ਼ਨ, 2009 ’ਚ ਨਿਰਧਾਰਤ ਲਾਜ਼ਮੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਸੀ। ਵਿਸ਼ੇਸ਼ ਰੂਪ ’ਚ, ਇਹ ਸਾਡੇ ਨੋਟਿਸ ’ਚ ਆਇਆ ਹੈ ਕਿ ਸਰੋਤ ਉਕਤ ਨਿਯਮਾਂ ਅਨੁਸਾਰ ਵਿਦਿਆਰਥੀਆਂ ਤੋਂ ਰੈਗਿੰਗ ਵਿਰੋਧੀ ਸਹੁੰ-ਪੱਤਰ ਪ੍ਰਾਪਤ ਕਰਨ ’ਚ ਅਸਫ਼ਲ ਰਹੇ।’’
ਰੈਗਿੰਗ ਰੋਕਥਾਮ ਰੈਗੂਲੇਸ਼ਨ, 2009 ਅਨੁਸਾਰ ਹਰ ਵਿਦਿਆਥੀ ਅਤੇ ਉਸ ਦੇ ਮਾਤਾ-ਪਿਤਾ ਅਤੇ ਮਾਪਿਆਂ ਨੂੰ ਦਾਖ਼ਲੇ ਵੇਲੇ ਅਤੇ ਹਰ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ’ਚ ਰੈਗਿੰਗ ਵਿਰੋਧੀ ਸਹੁੰ-ਪੱਤਰ ਪੇਸ਼ ਕਰਨਾ ਹੋਵੇਗਾ।
ਜੋਸ਼ੀ ਨੇ ਕਿਹਾ, ‘‘ਇਹ ਵਿੱਦਿਅਕ ਸੰਸਥਾਨਾਂ ’ਚ ਰੈਗਿੰਗ ਦੀ ਕਿਸੇ ਵੀ ਘਟਲਾਂ ਨੂੰ ਰੋਕਣ ਲਈ ਇਕ ਮਹੱਤਵਪੂਰਨ ਕਮ ਹੈ। ਇਨ੍ਹਾਂ ਨਿਯਮਾਂ ਦਾ ਪਾਲਣ ਨਾ ਹੋਣ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਖ਼ਤਰੇ ’ਚ ਪੈ ਜਾਂਦੀ ਹੈ।’’
ਕਾਲਜਾਂ ਨੂੰ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 7 ਦਿਨਾਂ ਅੰਦਰ ਲਿਖਤੀ ਸਪੱਸ਼ਟੀਕਰਨ ਪੇਸ਼ ਕਰਨ ਦਾ ਹੁਕਮ ਦਿਤਾ ਹੈ, ਜਿਸ ’ਚ ਕੁਤਾਹੀ ਦੇ ਕਾਰਨਾਂ ਦਾ ਵੇਰਵਾ ਦੇਣ ਅਤੇ ਇਸ ਸਥਿਤੀ ਨੂੰ ਤੁਰਤ ਸੁਧਾਰਨ ਲਈ ਚੁਕੇ ਜਾਣ ਵਾਲੇ ਕਦਮਾਂ ਬਾਰੇ ਦੱਸਣ ਨੂੰ ਕਿਹਾ ਗਿਆ ਹੈ।