
ਕੋਰੋਨਾ ਵਾਇਰਸ ਇਸ ਸਮੇਂ ਪੂਰੀ ਦੁਨੀਆ ਲਈ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਇਸ ਸਮੇਂ ਪੂਰੀ ਦੁਨੀਆ ਲਈ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ। ਦਿਨ-ਪ੍ਰਤੀਦਿਨ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੇ ਪੂਰੀ ਦੁਨੀਆ ਨੂੰ ਸੋਚਾਂ ਵਿਚ ਪਾ ਕੇ ਰੱਖਿਆ ਹੈ। ਸੋਮਵਾਰ ਸਵੇਰ ਤੱਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ 4 ਹਜ਼ਾਰ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਗਿਣਤੀ 100 ਤੋਂ ਪਾਰ ਪਹੁੰਚ ਚੁੱਕੀ ਹੈ।
ਕੋਰੋਨਾ ਨਾਲ ਲੜਨ ਲਈ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਮੈਡੀਕਲ ਸਹੂਲਤਾਂ ਦੀ ਭਾਰੀ ਕਮੀ ਹੈ। ਇਸ ਮੁਸ਼ਕਿਲ ਦੇ ਸਮੇਂ ਵਿਚ ਭਾਰਤੀ ਰੇਲਵੇ ਨੇ ਅਪਣੇ 5000 ਡੱਬਿਆਂ ਵਿਚੋਂ 2500 ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਬਦਲ ਦਿੱਤਾ ਹੈ। ਭਾਰਤੀ ਰੇਲਵੇ ਨੇ ਖੁਦ ਅਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।
ਰੇਲਵੇ ਨੇ ਇਹਨਾਂ 2500 ਡੱਬਿਆਂ ਵਿਚ 40 ਹਜ਼ਾਰ ਆਈਸੋਲੇਸ਼ਨ ਬੈੱਡ ਤਿਆਰ ਕੀਤੇ ਹਨ। ਰੇਲਵੇ ਨੇ ਦੱਸਿਆ ਕਿ ਉਹ ਰੋਜ਼ਾਨਾ 375 ਡੱਬਿਆਂ ਨੂੰ ਆਈਸੋਲੇਸ਼ਨ ਵਿਚ ਤਬਦੀਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਖਿਲਾਫ਼ ਜਾਰੀ ਜੰਗ ਵਿਚ ਭਾਰਤੀ ਰੇਲਵੇ ਇਕ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਡੱਬਿਆਂ ਨੂੰ ਹਸਪਤਾਲ ਵਿਚ ਤਬਦੀਲ ਕਰਨ ਤੋਂ ਇਲ਼ਾਵਾ ਭਾਰਤੀ ਰੇਲਵੇ ਦੇਸ਼ ਦੀਆਂ ਵੱਖ-ਵੱਖ ਥਾਵਾਂ ‘ਤੇ ਜ਼ਰੂਰੀ ਸਮਾਨਾਂ ਦੀ ਸਪਲਾਈ ਕਰ ਰਹੀ ਹੈ। ਦੱਸ ਦਈਏ ਕਿ ਪੂਰੀ ਦੁਨੀਆ ‘ਤੇ ਆਈ ਇਸ ਮੁਸ਼ਕਿਲ ਘੜੀ ਦੌਰਾਨ ਹਰ ਕੋਈ ਲੋੜਵੰਦਾਂ ਅਤੇ ਸਰਕਾਰ ਦੀ ਮਦਦ ਲਈ ਵਧ-ਚੜ ਕੇ ਹਿੱਸਾ ਪਾ ਰਿਹਾ ਹੈ।
ਮਸ਼ਹੂਰ ਹਸਤੀਆਂ ਤੋਂ ਲੈ ਕੇ ਦਿੱਗਜ਼ ਉਦਯੋਗਪਤੀਆਂ ਤੱਕ ਹਰ ਕੋਈ ਸਰਕਾਰ ਦੀ ਮਦਦ ਕਰ ਰਿਹਾ ਹੈ। ਇਸ ਜੰਗ ਦੌਰਾਨ ਦੇਸ਼ ਵਿਚ ਹਰ ਪਾਸੇ ਏਕਤਾ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ।