
ਜੇ ਅਸੀਂ ਕਿਹਾ ਹੁੰਦਾ ਕਿ ਸਾਰੇ ਹਿੰਦੂ ਇਕ ਹੋ ਜਾਓ ਤੇ ਭਾਜਪਾ ਨੂੰ ਵੋਟ ਦਿਓ ਤਾਂ ਸਾਨੂੰ ਚੋਣ ਕਮਿਸ਼ਨ ਦਾ ਨੋਟਿਸ ਆ ਜਾਣਾ ਸੀ- ਪੀਐਮ ਨਰਿੰਦਰ ਮੋਦੀ
ਕੋਲਕਾਤਾ: ਪੱਛਮੀ ਬੰਗਾਲ ਦੀਆਂ 31 ਸੀਟਾਂ ਲਈ ਅੱਜ ਤੀਜੇ ਗੇੜ ਦੀ ਵੋਟਿੰਗ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਲ ਦੇ ਕੂਚ ਬਿਹਾਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ 2 ਮਈ ਨੂੰ ਬੰਗਾਲ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਇੱਥੇ ਵਿਕਾਸ ਦੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।
PM modi
ਉਹਨਾਂ ਕਿਹਾ ਬੀਤੇ ਦੋ ਗੇੜ ਦੀ ਵੋਟਿੰਗ ਵਿਚ ਦੀਦੀ ਦਾ ਜਾਣਾ ਤੈਅ ਹੋ ਚੁੱਕਾ ਹੈ। ਬੰਗਾਲ ਵਿਚ ਭਾਜਪਾ ਦੀ ਅਜਿਹੀ ਲਹਿਰ ਚੱਲ ਰਹੀ ਹੈ, ਜਿਸ ਨੇ ਦੀਦੀ ਦੇ ਗੁੰਡਿਆਂ ਅਤੇ ਦੀਦੀ ਦੇ ਡਰ ਨੂੰ ਕਿਨਾਰੇ ਲਗਾ ਦਿੱਤਾ ਹੈ। ਮਮਤਾ ਬੈਨਜਰੀ ਨੂੰ ਜਵਾਬ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੀਦੀ ਸਵਾਲ ਪੁੱਛ ਰਹੀ ਹੈ ਕਿ ਕੀ ਭਾਜਪਾ ਰੱਬ ਹੈ ਜੋ ਉਸ ਨੂੰ ਪਤਾ ਚੱਲ ਗਿਆ ਹੈ ਕਿ ਪਹਿਲੇ ਦੋ ਗੇੜ ਵਿਚ ਭਾਜਪਾ ਨੂੰ ਵੱਡੀ ਜਿੱਤ ਮਿਲ ਰਹੀ ਹੈ। ਚੋਣਾਂ ਵਿਚ ਕੌਣ ਹਾਰ ਰਿਹਾ ਹੈ ਤੇ ਕੌਣ ਜਿੱਤ ਰਿਹਾ ਹੈ।
Mamta Banerjee
ਉਹਨਾਂ ਕਿਹਾ ਇਹ ਪਤਾ ਕਰਨ ਲਈ ਭਗਵਾਨ ਨੂੰ ਤਕਲੀਫ਼ ਦੇਣ ਦੀ ਲੋੜ ਨਹੀਂ। ਜਨਤਾ ਦਾ ਚਿਹਰਾ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਹਵਾ ਦਾ ਰੁਖ ਕੀ ਹੈ। ਚੋਣਾਂ ਵਿਚ ਜਿੱਤ ਦਾ ਦਾਅਵਾ ਕਰਦਿਆਂ ਪੀਐਮ ਨੇ ਮਮਤਾ ਬੈਨਰਜੀ ਨੂੰ ਕਿਹਾ ਕਿ ਤੁਹਾਡਾ ਗੁੱਸਾ, ਤੁਹਾਡੀ ਨਰਾਜ਼ਗੀ, ਤੁਹਾਡਾ ਵਰਤਾਅ, ਇਹ ਸਭ ਦੇਖ ਦੇ ਇਕ ਬੱਚਾ ਵੀ ਦੱਸ ਸਕਦਾ ਹੈ ਕਿ ਤੁਸੀਂ ਚੋਣ ਹਾਰ ਚੁੱਕੇ ਹੋ।
PM Modi and Mamata Banerjee
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਦਿਨ ਦੀਦੀ ਨੇ ਨੰਦੀਗ੍ਰਾਮ ਵਿਚ ਪੋਲਿੰਗ ਬੂਥ ’ਤੇ ਖੇਲਾ ਕੀਤਾ, ਜੋ ਗੱਲਾਂ ਕਹੀਆਂ, ਉਸ ਦਿਨ ਪੂਰੇ ਦੇਸ਼ ਨੇ ਮੰਨ ਲਿਆ ਕਿ ਦੀਦੀ ਹਾਰ ਗਈ ਹੈ। ਉਹਨਾਂ ਕਿਹਾ ਕਿ ਮਮਤਾ ਬੈਨਰਜੀ ਸ਼ਰੇਆਮ ਮੁਸਲਮਾਨਾਂ ਕੋਲੋਂ ਵੋਟਾਂ ਮੰਗ ਰਹੀ ਹੈ ਪਰ ਉਹਨਾਂ ਨੂੰ ਚੋਣ ਕਮਿਸ਼ਨ ਦਾ ਨੋਟਿਸ ਨਹੀਂ ਆਇਆ। ਪੀਐਮ ਮੋਦੀ ਨੇ ਕਿਹਾ ਜੇਕਰ ਅਸੀਂ ਕਿਹਾ ਹੁੰਦਾ ਕਿ ਸਾਰੇ ਹਿੰਦੂ ਇਕ ਹੋ ਜਾਓ ਤੇ ਭਾਜਪਾ ਨੂੰ ਵੋਟ ਦਿਓ ਤਾਂ ਸਾਨੂੰ ਚੋਣ ਕਮਿਸ਼ਨ ਦਾ ਨੋਟਿਸ ਆ ਜਾਣਾ ਸੀ।