
ਭਗਵਾਨ ਦੀਆਂ ਮੂਰਤੀਆਂ ਰੱਖ ਕੇ ਇਸ ਨੂੰ ਮੰਦਰ ਦਾ ਰੂਪ ਦੇ ਦਿਤਾ।
ਨਵੀਂ ਦਿੱਲੀ, 5 ਮਈ: ਦਖਣੀ ਦਿੱਲੀ ਦੇ ਹਿਮਾਯੂੰਪੁਰ ਪਿੰਡ ਵਿਚ ਕਰੀਬ 650 ਸਾਲ ਪੁਰਾਣੇ ਇਹਿਤਾਸਕ ਮਕਬਰੇ ਨੂੰ ਮੰਦਰ ਵਿਚ ਤਬਦੀਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਮਹੀਨੇ ਪਹਿਲਾਂ ਇਸ ਨੂੰ ਮੰਦਰ ਵਿਚ ਤਬਦੀਲ ਕਰ ਕੇ ਇਸ ਵਿਚ ਮੂਰਤੀਆਂ ਸਜਾ ਦਿਤੀਆਂ ਗਈਆਂ। ਇਹ ਇਕ ਛੋਟਾ ਜਿਹਾ ਗੁੰਬਦ ਹੈ, ਜਿਸ ਨੂੰ ਗੁਮਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਗੁੰਬਦ ਤੁਗ਼ਲਕ ਕਾਲ ਦਾ ਹੈ ਅਤੇ ਦਿੱਲੀ ਸਰਕਾਰ ਵਲੋਂ ਨੋਟੀਫ਼ਾਈ ਇਤਿਹਾਸਕ ਇਮਾਰਤ ਹੈ।
ਖ਼ਸਤਾ ਹਾਲ ਹੋਏ ਇਸ ਗੁੰਬਦ ਦੋ ਮਹੀਨੇ ਕੁੱਝ ਲੋਕਾਂ ਨੇ ਭਗ਼ਵਾਂ ਅਤੇ ਸਫ਼ੈਦ ਰੰਗ ਕਰ ਕੇ ਇਸ ਵਿਚ ਭਗਵਾਨ ਦੀਆਂ ਮੂਰਤੀਆਂ ਰੱਖ ਕੇ ਇਸ ਨੂੰ ਮੰਦਰ ਦਾ ਰੂਪ ਦੇ ਦਿਤਾ। ਇਸ ਦੇ ਐਂਟਰੀ ਗੇਟ 'ਤੇ ਭੋਲਾ ਸ਼ਿਵ ਟਰੱਸਟ ਲਿਖ ਦਿਤਾ ਗਿਆ ਹੈ। ਮੰਦਰ ਦੀ ਸਥਾਪਨਾ ਤਰੀਕ 15 ਜੂਨ 1971 ਲਿਖੀ ਗਈ ਹੈ। ਇਹ ਦਿੱਲੀ ਸਰਕਾਰ ਦੇ ਪੁਰਾਤਤਵ ਵਿਭਾਗ ਦੇ ਨਾਗਰਿਕ ਚਾਰਟਰ ਵਿਰੁਧ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਇਸ ਗੁੰਬਦ ਵਿਚ ਇਕ ਪੰਡਤ ਰਹਿੰਦਾ ਸੀ, ਜਿਸ ਦਾ ਨਾਂਅ ਭੋਲਾ ਸੀ। ਉਸ ਦੇ ਦੇਹਾਂਤ ਤੋਂ ਬਾਅਦ ਪਿੰਡ ਦੇ ਲੋਕ ਗੁੰਬਦ ਨੂੰ ਭੋਲਾ ਦਾ ਮੰਦਰ ਕਹਿਣ ਲੱਗੇ ਸਨ ਪਰ ਇਥੇ ਉਦੋਂ ਪੂਜਾ ਨਹੀਂ ਕੀਤੀ ਜਾਂਦੀ ਸੀ।
Makbara changed to temple
ਕਰੀਬ ਦੋ ਢਾਈ ਮਹੀਨੇ ਪਹਿਲਾਂ ਪਿੰਡ ਦੇ ਲੋਕਾਂ ਨੇ ਭੰਡਾਰੇ ਅਤੇ ਮੰਦਰ ਬਣਾਉਣ ਦੇ ਨਾਂਅ 'ਤੇ ਪੈਸੇ ਇਕੱਠੇ ਕੀਤੇ ਅਤੇ ਇਸ ਗੁੰਬਦ ਨੂੰ ਰੰਗ ਰੋਗਨ ਕਰ ਕੇ ਮੰਦਰ ਦਾ ਰੂਪ ਦੇ ਦਿਤਾ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਕੌਂਸਲਰ ਰਾਧਿਕਾ ਅਬਰੋਲ ਅਤੇ ਸਾਬਕਾ ਕੌਂਸਲਰ ਨੇ ਇਸ ਸਮਾਰਕ ਨੂੰ ਰੰਗਵਾਇਆ ਹੈ। ਇਥੇ ਲੱਗੇ ਇਕ ਬੈਂਚ 'ਤੇ ਵੀ ਕੌਂਸਲਰ ਦਾ ਨਾਂ ਲਿਖਿਆ ਹੋਇਆ ਹੈ। ਪਿੰਡ ਦੇ ਹੀ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਹ 80 ਸਾਲ ਤੋਂ ਇਥੇ ਰਹਿ ਰਹੇ ਹਨ ਪਰ ਇਥੇ ਕਦੇ ਕੋਈ ਮੰਦਰ ਨਹੀਂ ਸੀ। ਮੰਦਰ ਬਣਾਉਣ ਲਈ ਗੁੰਬਦ ਦੇ ਅੰਦਰ ਬਣੀ ਕਬਰ ਤੋੜੀ ਗਈ। ਸਟੇਟ ਅਰਬਨ ਡਿਵੈਲਪਮੈਂਟ ਦੇ 2010 ਦੇ ਨੋਟੀਫ਼ਿਕੇਸ਼ਨ ਵਿਚ ਗੁਮਟੀ ਗੁੰਬਦ ਨੂੰ 767 ਇਤਿਹਾਸਕ ਸਮਾਰਕਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਹ 15ਵੀਂ ਸ਼ਤਾਬਦੀ ਦੀ ਇਤਿਹਾਸਕ ਇਮਾਰਤ ਹੈ। ਇਸ ਨੂੰ ਤੁਗ਼ਲਕ ਜਾਂ ਲੋਧੀ ਵੰਸ਼ ਦੇ ਸਮੇਂ ਬਣਵਾਇਆ ਗਿਆ ਸੀ।ਉਧਰ ਦਿੱਲੀ ਸਰਕਾਰ ਨੇ ਇਸ ਮਾਮਲੇ ਵਿਚ ਚਿੰਤਾ ਪ੍ਰਗਟਾਉਂਦੇ ਹੋਏ ਇਤਿਹਾਸਕ ਸਮਾਰਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਮਾਮਲੇ ਵਿਚ ਆਰਟ ਕਲਚਰ ਐਂਡ ਲੈਂਗੁਏਜ਼ ਡਿਪਾਰਟਮੈਂਟ ਤੋਂ ਰੀਪੋਰਟ ਮੰਗੀ ਹੈ।