
ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਤੋਂ ਮੋਹਾਲੀ ਲੈ ਜਾ ਰਹੀ ਸੀ। ਉਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
ਨਵੀਂ ਦਿੱਲੀ - ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਅੱਜ ਅਚਾਨਕ ਉਨਾਂ ਦੇ ਘਰ ਜਾ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਸਾਈਬਰ ਸੈੱਲ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਇਹ ਕਾਰਵਾਈ ਕੀਤੀ। ਉਸ ਖ਼ਿਲਾਫ਼ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕਰਨ ਤੋਂ ਬਾਅਦ ਬੱਗਾ ਨੂੰ ਮੁਹਾਲੀ ਲੈ ਕੇ ਜਾ ਰਹੀ ਪੰਜਾਬ ਪੁਲਿਸ ਦੀ ਗੱਡੀ ਨੂੰ ਹਰਿਆਣਾ ਪੁਲਿਸ ਨੇ ਰੋਕਿਆ।
ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਖਿਲਾਫ਼ ਅਗਵਾ ਕਰਨ ਦਾ ਮਾਮਲਾ ਵੀ ਦਰਜ ਕੀਤਾ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਸੂਚਨਾ ’ਤੇ ਬੱਗਾ ਨੂੰ ਲੈ ਕੇ ਜਾ ਰਹੀ ਪੰਜਾਬ ਪੁਲੀਸ ਦੀ ਗੱਡੀ ਨੂੰ ਹਰਿਆਣਾ ਪੁਲਿਸ ਨੇ ਰੋਕਿਆ। ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਤੋਂ ਮੋਹਾਲੀ ਲੈ ਜਾ ਰਹੀ ਸੀ। ਉਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
Tajinder Pal Singh Bagga, Arvind Kejriwal
ਬੱਗਾ 'ਤੇ ਫਿਲਮ ਕਸ਼ਮੀਰ ਫਾਈਲਜ਼ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਿਵਾਦਿਤ ਟਿੱਪਣੀ ਕਰਨ ਦਾ ਦੋਸ਼ ਹੈ। ਉਧਰ ਪੰਜਾਬ ਪੁਲਿਸ ਨੇ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਬੱਗਾ ਨੂੰ ਪੇਸ਼ ਹੋਣ ਲਈ 5 ਨੋਟਿਸ ਵੀ ਭੇਜੇ ਸਨ ਪਰ ਉਹ ਹਾਜ਼ਰ ਨਹੀਂ ਹੋਇਆ। ਜਿਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਬੱਗਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੱਗਾ ਦੇ ਕਰੀਬੀ ਦੋਸਤਾਂ ਮੁਤਾਬਕ ਕਰੀਬ 12 ਗੱਡੀਆਂ 'ਚ 50 ਪੁਲਿਸ ਵਾਲੇ ਉਸ ਦੇ ਦਿੱਲੀ ਵਾਲੇ ਘਰ ਪਹੁੰਚੇ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਕੁਝ ਪੁਲਿਸ ਵਾਲੇ ਘਰ ਦੇ ਅੰਦਰ ਆਏ। ਉਹ ਕੁਝ ਚਿਰ ਗੱਲਾਂ ਕਰਦੇ ਰਹੇ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਬਾਹਰੋਂ ਪੁਲਿਸ ਮੁਲਾਜ਼ਮ ਘਰ ਵਿਚ ਦਾਖ਼ਲ ਹੋਏ ਅਤੇ ਬੱਗਾ ਨੂੰ ਲੈ ਗਏ। ਪੁਲਿਸ ਨੇ ਬੱਗਾ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ।
ਤਜਿੰਦਰ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਕਿਹਾ, 'ਪੰਜਾਬ ਪੁਲਿਸ ਦੇ ਜਵਾਨ ਤਜਿੰਦਰ ਨੂੰ ਖਿੱਚ ਕੇ ਲੈ ਗਏ। ਉਸ ਨੂੰ ਪੱਗ ਬੰਨ੍ਹਣ ਦਾ ਸਮਾਂ ਵੀ ਨਹੀਂ ਦਿੱਤਾ। ਜਦੋਂ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਰੋਕ ਕੇ ਕਮਰੇ ਵਿਚ ਲੈ ਗਏ। ਉਥੇ ਉਹਨਾਂ ਨੇ ਮੇਰੇ ਮੂੰਹ 'ਤੇ ਮੁੱਕਾ ਮਾਰਿਆ। ਪੰਜਾਬ ਪੁਲਿਸ ਨੇ ਮੇਰਾ ਫ਼ੋਨ ਵੀ ਖੋਹ ਲਿਆ। ਅਰਵਿੰਦ ਕੇਜਰੀਵਾਲ ਮੇਰੇ ਬੇਟੇ ਨੂੰ ਜ਼ਬਰਦਸਤੀ ਫਸਾਉਣਾ ਚਾਹੁੰਦਾ ਹੈ।
ਇਸ ਤੋਂ ਬਾਅਦ ਪ੍ਰਿਤਪਾਲ ਬੱਗਾ ਨੇ ਜਨਕਪੁਰੀ ਥਾਣੇ ਪਹੁੰਚ ਕੇ ਪੰਜਾਬ ਪੁਲਿਸ ਖਿਲਾਫ਼ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੇ ਨਾਲ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਵੀ ਮੌਜੂਦ ਸਨ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਨੌਜਵਾਨ ਭਾਜਪਾ ਆਗੂ ਨੂੰ ਜ਼ਬਰਦਸਤੀ ਚੁੱਕਣਾ ਅਤੇ ਬਜ਼ੁਰਗ ਪਿਤਾ ਦੀ ਕੁੱਟਮਾਰ ਕਰਨਾ ਕੇਜਰੀਵਾਲ ਦੀ ਤਾਨਾਸ਼ਾਹੀ ਮਾਨਸਿਕਤਾ ਦਾ ਸਬੂਤ ਹੈ।
ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਪਿਲ ਮਿਸ਼ਰਾ ਨੇ ਕਿਹਾ ਕਿ ਬੱਗਾ ਸੱਚਾ ਸਰਦਾਰ ਹੈ। ਉਸ ਨੂੰ ਅਜਿਹੀਆਂ ਹਰਕਤਾਂ ਨਾਲ ਡਰਾਇਆ ਜਾਂ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਮਿਸ਼ਰਾ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਕੇਜਰੀਵਾਲ ਦੀ ਨਿੱਜੀ ਰੰਜਿਸ਼ ਅਤੇ ਗੁੱਸੇ ਨੂੰ ਨਿਪਟਾਉਣ ਲਈ ਵਰਤਿਆ ਜਾ ਰਿਹਾ ਹੈ। ਇਹ ਪੰਜਾਬ ਅਤੇ ਪੰਜਾਬ ਦੇ ਫ਼ਤਵੇ ਦਾ ਅਪਮਾਨ ਹੈ।
ਉਧਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਾਂਗਰਸ ਨੇ ਗਲਤ ਕਰਾਰ ਦਿੱਤਾ। ਕਾਂਗਰਸੀ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਏਜੰਡੇ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਬੱਗਾ ਨੂੰ ਗ੍ਰਿਫ਼ਤਾਰ ਕਰਨ ਦੇ ਤਰੀਕੇ 'ਤੇ ਇਤਰਾਜ਼ ਜਤਾਇਆ। ਦਿੱਲੀ ਦੇ ਭਾਜਪਾ ਨੇਤਾ ਤਜਿੰਦਰ ਬੱਗਾ ਖਿਲਾਫ਼ ਪੰਜਾਬ ਦੇ ਮੋਹਾਲੀ 'ਚ ਮਾਮਲਾ ਦਰਜ ਹੈ। 'ਆਪ' ਦੇ ਬੁਲਾਰੇ ਸੰਨੀ ਆਹਲੂਵਾਲੀਆ ਦੇ ਬਿਆਨ ਦੇ ਆਧਾਰ 'ਤੇ ਮੋਹਾਲੀ ਸਾਈਬਰ ਕਰਾਈਮ ਸੈੱਲ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਸੰਨੀ ਆਹਲੂਵਾਲੀਆ ਨੇ ਬੱਗਾ ਖਿਲਾਫ਼ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰਵਾਇਆ ਸੀ। ਇਹ ਮਾਮਲਾ ਆਈਪੀਸੀ ਦੀ ਧਾਰਾ 153ਏ, 505, 505(2) ਅਤੇ 506 ਤਹਿਤ ਦਰਜ ਕੀਤਾ ਗਿਆ ਹੈ। 'ਆਪ' ਵਿਧਾਇਕ ਨਰੇਸ਼ ਬਲਿਆਨ ਨੇ ਬੱਗਾ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ। ਬੱਗਾ ਵੱਲੋਂ ਇਸ ਸਬੰਧ ਵਿਚ ਇੱਕ ਵਿਵਾਦਤ ਟਵੀਟ ਕੀਤਾ ਗਿਆ ਹੈ, ਜੋ ਕਿ ਕਸ਼ਮੀਰ ਫਾਈਲਜ਼ ਫਿਲਮ 'ਤੇ ਕੇਜਰੀਵਾਲ ਦੇ ਬਿਆਨ ਤੋਂ ਬਾਅਦ ਦਿੱਲੀ ਵਿਧਾਨ ਸਭਾ ਵਿਚ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਬੱਗਾ ਨੇ ਧਮਕੀ ਭਰੇ ਲਹਿਜੇ ਵਿਚ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ।