
ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਅੱਧੇ ਘੰਟੇ ਵਿੱਚ ਮੰਗਿਆ ਜਵਾਬ
ਦਿੱਲੀ 'ਚ ਪੰਜਾਬ ਪੁਲਿਸ ਖ਼ਿਲਾਫ਼ 2 ਮਾਮਲੇ ਦਰਜ
ਚੰਡੀਗੜ੍ਹ : ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦਿੱਲੀ ਪੁਲਿਸ ਹੁਣ ਬੱਗਾ ਨੂੰ ਹਰਿਆਣਾ ਤੋਂ ਦਿੱਲੀ ਲੈ ਕੇ ਜਾ ਰਹੀ ਹੈ। ਦੱਸ ਦੇਈਏ ਕਿ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਦੇ ਜਨਕਪੁਰੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਸਾਈਬਰ ਸੈੱਲ ਦੀ ਟੀਮ ਨੇ ਅੱਜ ਸਵੇਰੇ ਇਹ ਕਾਰਵਾਈ ਕੀਤੀ। ਉਸ ਖ਼ਿਲਾਫ਼ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਬੱਗਾ ਨੂੰ ਮੁਹਾਲੀ ਲੈ ਕੇ ਜਾ ਰਹੀ ਪੰਜਾਬ ਪੁਲੀਸ ਦੀ ਗੱਡੀ ਨੂੰ ਹਰਿਆਣਾ ਪੁਲੀਸ ਨੇ ਕੁਰੂਕਸ਼ੇਤਰ ਵਿੱਚ ਰੋਕ ਲਿਆ ਸੀ। ਜਿਥੋਂ ਹੁਣ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ।
Tajinder Pal singh bagga
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਟੀਮ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਰੋਕਿਆ ਗਿਆ ਹੈ। ਇਸ ਦੇ ਖ਼ਿਲਾਫ਼ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦਾ ਪਤਾ ਲੱਗਣ 'ਤੇ ਹਰਿਆਣਾ ਸਰਕਾਰ ਵੀ ਹਾਈਕੋਰਟ ਪਹੁੰਚ ਗਈ। ਹਰਿਆਣਾ ਨੇ ਇਸ ਦੇ ਜਵਾਬ ਲਈ ਕੱਲ੍ਹ ਤੱਕ ਦਾ ਸਮਾਂ ਮੰਗਿਆ ਸੀ।
High Court
ਹਾਲਾਂਕਿ ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਅੱਧੇ ਘੰਟੇ ਵਿੱਚ ਜਵਾਬ ਮੰਗਿਆ ਹੈ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਬੱਗਾ ਨੂੰ ਕੁਰੂਕਸ਼ੇਤਰ ਵਿੱਚ ਕਿਉਂ ਰੋਕਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਦਿੱਲੀ ਪੁਲਿਸ ਨੂੰ ਬੱਗਾ ਨੂੰ ਦਿੱਲੀ ਲਿਜਾਣ ਤੋਂ ਰੋਕਿਆ ਜਾਵੇ। ਉਹ ਹਰਿਆਣਾ ਦੀ ਸਰਹੱਦ ਪਾਰ ਨਹੀਂ ਕਰ ਸਕਦਾ ਸੀ।
TajinderPal Bagga
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵਲੋਂ ਤਜਿੰਦਰ ਬੱਗਾ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਬਾਅਦ ਬੱਗਾ ਦੇ ਪਿਤਾ ਨੇ ਪੰਜਾਬ ਪੁਲਿਸ ਖ਼ਿਲਾਫ਼ ਦਿੱਲੀ ਦੇ ਜਨਕਪੁਰੀ ਥਾਣੇ 'ਚ ਅਗ਼ਵਾ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਸੂਚਨਾ 'ਤੇ ਬੱਗਾ ਨੂੰ ਲੈ ਕੇ ਜਾ ਰਹੀ ਪੰਜਾਬ ਪੁਲਸ ਦੀ ਗੱਡੀ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ। ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਤੋਂ ਮੁਹਾਲੀ ਲੈ ਜਾ ਰਹੀ ਸੀ। ਉਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ।
punjab police
ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਤਜਿੰਦਰ ਬੱਗਾ ਮਾਮਲੇ 'ਚ ਪੰਜਾਬ ਪੁਲਿਸ ਖ਼ਿਲਾਫ਼ 2 ਮਾਮਲੇ ਦਰਜ ਕੀਤੇ ਹਨ। ਪੰਜਾਬ ਪੁਲਿਸ ਦੇ ਵਕੀਲ ਆਰ ਕੇ ਰਾਠੌਰ ਨੇ ਦੱਸਿਆ ਕਿ ਅਗ਼ਵਾ ਦਾ ਪਹਿਲਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜਾ ਮਾਮਲਾ ਬੱਗਾ ਦੇ ਪਿਤਾ ਦੇ ਬਿਆਨਾਂ 'ਤੇ ਕੁੱਟਮਾਰ ਕਰਨ ਦਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀਐਸਪੀ ਸਮੇਤ ਚਾਰ ਮੁਲਾਜ਼ਮਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।