ਮੋਰਚੇ ਦਾ ਵਫ਼ਦ ਦਿੱਲੀ ਪੁਲਿਸ ਕਮਿਸ਼ਨਰ, ਕੇਂਦਰੀ ਖੇਡ ਮੰਤਰੀ, ਗ੍ਰਹਿ ਮੰਤਰੀ ਸਮੇਤ ਅਹਿਮ ਪ੍ਰਸ਼ਾਸਨਿਕ ਤੇ ਸਿਆਸੀ ਸ਼ਖ਼ਸੀਅਤਾਂ ਕੋਲ ਜਾਵੇਗਾ
ਨਵੀਂ ਦਿੱਲੀ: ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਧਰਨਾ-ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਧਰਨੇ ’ਤੇ ਬੈਠੇ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਦੇ ਇਸ ਪ੍ਰਦਰਸ਼ਨ ਵਿਚ ਹੁਣ ਸੰਯੁਕਤ ਕਿਸਾਨ ਮੋਰਚਾ ਵੀ ਸ਼ਾਮਲ ਹੋ ਗਿਆ ਹੈ। ਸੰਯੁਕਤ ਮੋਰਚੇ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ ਸਮਰਥਨ 'ਚ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਉਧਾਰ ਦਿਤੇ ਪੈਸੇ ਮੰਗਣ ਨੂੰ ਲੈ ਕੇ ਹੋਈ ਤਕਰਾਰ, ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
7 ਮਈ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਪਛਮੀ ਉਤਰ ਪ੍ਰਦੇਸ਼ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਕਈ ਸੀਨੀਅਰ ਆਗੂ, ਸੈਂਕੜੇ ਕਿਸਾਨਾਂ ਨਾਲ, ਇਕ ਵਾਰ ਫਿਰ ਜੰਤਰ-ਮੰਤਰ ਵਿਖੇ ਧਰਨੇ ਵਾਲੀ ਥਾਂ ਦਾ ਦੌਰਾ ਕਰਨਗੇ ਅਤੇ ਪਹਿਲਵਾਨਾਂ ਨੂੰ ਅਪਣਾ ਸਮਰਥਨ ਦੇਣਗੇ। ਸੰਯੁਕਤ ਕਿਸਾਨ ਮੋਰਚੇ ਦਾ ਵਫ਼ਦ ਦਿੱਲੀ ਪੁਲਿਸ ਕਮਿਸ਼ਨਰ, ਕੇਂਦਰੀ ਖੇਡ ਮੰਤਰੀ, ਗ੍ਰਹਿ ਮੰਤਰੀ ਸਮੇਤ ਅਹਿਮ ਪ੍ਰਸ਼ਾਸਨਿਕ ਤੇ ਸਿਆਸੀ ਸ਼ਖ਼ਸੀਅਤਾਂ ਕੋਲ ਜਾਵੇਗਾ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ ਕਰੇਗਾ।
ਇਹ ਵੀ ਪੜ੍ਹੋ: ਡਾ.ਐਸ.ਪੀ. ਸਿੰਘ ਉਬਰਾਏ ਦੇ ਯਤਨ ਸਦਕਾ ਬਜ਼ੁਰਗ ਮਾਪਿਆਂ ਦੇ ਲਾਡਲੇ ਪੁੱਤ ਦੀ ਦੇਹ ਪਹੁੰਚੀ ਭਾਰਤ
ਮੋਰਚੇ ਵਲੋਂ 11 ਤੋਂ 18 ਮਈ ਤੱਕ ਭਾਰਤ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਦੇਸ਼ ਵਿਆਪੀ ਅੰਦੋਲਨ ਕੀਤਾ ਜਾਵੇਗਾ। ਇਸ ਵਿਚ ਜਨਤਕ ਮੀਟਿੰਗਾਂ ਅਤੇ ਰੋਸ ਮਾਰਚ ਕੱਢੇ ਜਾਣਗੇ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਭਾਜਪਾ ਦੇ ਪੁਤਲੇ ਸਾੜੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ, “ਕਾਨੂੰਨ ਅਨੁਸਾਰ ਬਣਦੀ ਸੰਵੇਦਨਸ਼ੀਲਤਾ ਨਾਲ ਕਾਰਵਾਈ ਨਾ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਪੁਲਿਸ ਦੀ ਸਖ਼ਤ ਨਿਖੇਧੀ ਕਰਦਾ ਹੈ”।