
ਤੇਜ਼ ਰਫਤਾਰ ਕਾਰ ਸੰਤੁਲਨ ਵਿਗੜਨ ਤੋਂ ਬਾਅਦ ਦਰਖ਼ਤ ਨਾਲ ਟਕਰਾ ਗਈ
ਨੋਇਡਾ : ਨੋਇਡਾ ਵਿਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਕਾਰ ਸੰਤੁਲਨ ਵਿਗੜਨ ਤੋਂ ਬਾਅਦ ਦਰਖ਼ਤ ਨਾਲ ਟਕਰਾ ਗਈ। ਹਾਦਸੇ 'ਚ ਪਤੀ-ਪਤਨੀ ਅਤੇ ਉਨ੍ਹਾਂ ਦੇ 3 ਮਹੀਨੇ ਦੇ ਬੇਟੇ ਦੀ ਮੌਤ ਹੋ ਗਈ। ਜਦਕਿ ਨੌਜਵਾਨ ਦੀ ਭਰਜਾਈ ਅਤੇ ਉਸ ਦੀ ਮਾਸੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਆਗਰਾ 'ਚ ਵਿਆਹ ਤੋਂ ਵਾਪਸ ਦਿੱਲੀ ਜਾ ਰਹੇ ਸਨ। ਫਿਰ ਸੈਕਟਰ-160 ਨੇੜੇ ਹਾਦਸਾ ਵਾਪਰ ਗਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕਾਰਤਿਕ (25) ਨਵੀਂ ਦਿੱਲੀ ਦੇ ਮੋਤੀ ਨਗਰ ਵਿਚ ਰਹਿੰਦਾ ਸੀ। ਸ਼ੁਕਰਵਾਰ ਨੂੰ ਉਹ ਆਪਣੀ ਪਤਨੀ ਸ਼ਿਵਾਨੀ (23), ਭਾਬੀ ਸ਼ੀਤਲ ਸ਼ਰਮਾ (18), ਮਾਸੀ ਸੁਮਨ ਗੁਪਤਾ ਅਤੇ 3 ਮਹੀਨੇ ਦੇ ਬੇਟੇ ਨਾਲ ਆਗਰਾ ਵਿਚ ਇੱਕ ਵਿਆਹ ਵਿਚ ਗਿਆ ਸੀ। ਵਿਆਹ ਤੋਂ ਦੇਰ ਰਾਤ ਸਾਰੇ ਦਿੱਲੀ ਲਈ ਰਵਾਨਾ ਹੋ ਗਏ। ਸਾਰੇ ਸ਼ਨੀਵਾਰ ਸਵੇਰੇ 5 ਵਜੇ ਨੋਇਡਾ ਪਹੁੰਚ ਗਏ। ਸੈਕਟਰ-160 ਨੇੜੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਦਰਖ਼ਤ ਨਾਲ ਜਾ ਟਕਰਾਈ। ਇਸ ਕਾਰਨ ਕਾਰ 'ਚ ਸਵਾਰ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ।
ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਕਾਰਤਿਕ ਗੁਪਤਾ ਅਤੇ ਉਸ ਦੀ ਸਾਲੀ ਸ਼ੀਤਲ ਸ਼ਰਮਾ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਕਾਰਤਿਕ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਭਾਬੀ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਸੁਮਨ ਗੁਪਤਾ ਅਤੇ ਕਾਰਤਿਕ ਦੇ 3 ਮਹੀਨੇ ਦੇ ਬੱਚੇ ਨੂੰ ਫੇਲਿਕਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੱਥੇ 3 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਜਦਕਿ ਸੁਮਨ ਦਾ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ ਕਾਰਤਿਕ ਦੀ ਪਤਨੀ ਸ਼ਿਵਾਨੀ ਨੂੰ ਜੇਪੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ| ਪੁਲਿਸ ਨੇ ਦੱਸਿਆ ਕਿ ਸ਼ੱਕ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ।