
ਇਸ ਸਬੰਧੀ ਇਕ ਵੀਡੀਉ ਵੀ ਸਾਹਮਣੇ ਆਈ ਹੈ
Jharkhand News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਸਕੱਤਰ ਨਾਲ ਕਥਿਤ ਤੌਰ 'ਤੇ ਜੁੜੇ ਇਕ ਘਰੇਲੂ ਸਹਾਇਕ ਦੇ ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਇਕ ਵੀਡੀਉ ਵੀ ਸਾਹਮਣੇ ਆਈ ਹੈ। ਵੀਡੀਓ ਅਤੇ ਤਸਵੀਰਾਂ 'ਚ ਈਡੀ ਅਧਿਕਾਰੀਆਂ ਨੂੰ ਗਦੀਖਾਨਾ ਚੌਕ 'ਚ ਸਥਿਤ ਇਕ ਇਮਾਰਤ ਦੇ ਇਕ ਕਮਰੇ 'ਚੋਂ ਕਰੰਸੀ ਨੋਟਾਂ ਦੇ ਡੱਬੇ ਲੈ ਕੇ ਜਾਂਦੇ ਦੇਖਿਆ ਜਾ ਸਕਦਾ ਹੈ।
ਇਸ ਦੌਰਾਨ ਕੇਂਦਰੀ ਬਲਾਂ ਦੇ ਕੁੱਝ ਸੁਰੱਖਿਆ ਕਰਮਚਾਰੀ ਵੀ ਨਜ਼ਰ ਆਏ। ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਨੇ ਦਸਿਆ ਕਿ ਇਕ ਘਰੇਲੂ ਨੌਕਰ ਕਥਿਤ ਤੌਰ 'ਤੇ ਉਸ ਇਲਾਕੇ 'ਚ ਰਹਿੰਦਾ ਹੈ, ਜਿਥੋਂ ਨਕਦੀ ਬਰਾਮਦ ਕੀਤੀ ਗਈ ਸੀ। ਆਲਮ ਨੇ ਕਿਹਾ, “ਮੈਨੂੰ ਅਜੇ ਤਕ ਇਸ ਸਬੰਧ 'ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ”।
ਉਨ੍ਹਾਂ ਕਿਹਾ, “ਮੈਂ ਟੀਵੀ ਦੇਖ ਰਿਹਾ ਹਾਂ ਅਤੇ ਦਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਸਰਕਾਰ ਵਲੋਂ ਮੈਨੂੰ ਮੁਹੱਈਆ ਕਰਵਾਏ ਗਏ ਅਧਿਕਾਰਤ ਪੀਐਸ (ਨਿੱਜੀ ਸਕੱਤਰ) ਦੀ ਹੈ। " ਈਡੀ ਦੇ ਸੂਤਰਾਂ ਨੇ ਦਸਿਆ ਕਿ ਬਰਾਮਦ ਕੀਤੀ ਗਈ ਰਕਮ ਦਾ ਪਤਾ ਲਗਾਉਣ ਲਈ ਨਕਦੀ ਦੀ ਗਿਣਤੀ ਕਰਨ ਲਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਰਕਮ 20-30 ਕਰੋੜ ਰੁਪਏ ਦੇ ਵਿਚਕਾਰ ਹੋ ਸਕਦੀ ਹੈ।
ਸੂਤਰਾਂ ਨੇ ਦਸਿਆ ਕਿ ਬਰਾਮਦ ਕੀਤੀ ਗਈ ਨਕਦੀ 'ਚ ਮੁੱਖ ਤੌਰ 'ਤੇ 500 ਰੁਪਏ ਦੇ ਨੋਟ ਅਤੇ ਕੁਝ ਗਹਿਣੇ ਸ਼ਾਮਲ ਹਨ। ਆਲਮ (70) ਕਾਂਗਰਸ ਨੇਤਾ ਹਨ ਅਤੇ ਝਾਰਖੰਡ ਵਿਧਾਨ ਸਭਾ ਦੀ ਪਾਕੁੜ ਸੀਟ ਦੀ ਨੁਮਾਇੰਦਗੀ ਕਰਦੇ ਹਨ। ਇਹ ਛਾਪੇਮਾਰੀ ਪੇਂਡੂ ਨਿਰਮਾਣ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ ਵਿਰੇਂਦਰ ਕੇ ਰਾਮ ਦੇ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਸਬੰਧਤ ਹੈ। ਵੀਰੇਂਦਰ ਰਾਮ ਨੂੰ ਪਿਛਲੇ ਸਾਲ ਈਡੀ ਨੇ ਗ੍ਰਿਫਤਾਰ ਕੀਤਾ ਸੀ।
ਪਿਛਲੇ ਸਾਲ ਜਾਰੀ ਇਕ ਬਿਆਨ ਵਿਚ ਏਜੰਸੀ ਨੇ ਇਲਜ਼ਾਮ ਲਾਇਆ ਸੀ ਕਿ ਰਾਂਚੀ ਵਿਚ ਪੇਂਡੂ ਨਿਰਮਾਣ ਵਿਭਾਗ ਵਿਚ ਚੀਫ ਇੰਜੀਨੀਅਰ ਵਜੋਂ ਤਾਇਨਾਤ ਵਰਿੰਦਰ ਕੁਮਾਰ ਰਾਮ ਨੇ ਠੇਕੇਦਾਰਾਂ ਨੂੰ ਟੈਂਡਰ ਅਲਾਟ ਕਰਨ ਦੇ ਬਦਲੇ ਰਿਸ਼ਵਤ ਦੇ ਨਾਂ 'ਤੇ ਉਨ੍ਹਾਂ ਤੋਂ ਗੈਰ-ਕਾਨੂੰਨੀ ਕਮਾਈ ਕੀਤੀ ਸੀ। ਏਜੰਸੀ ਨੇ ਅਧਿਕਾਰੀ ਦੀ 39 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਅਪਰਾਧ ਦੀ ਰਕਮ ਦੀ ਵਰਤੋਂ ਵਰਿੰਦਰ ਕੁਮਾਰ ਰਾਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ 'ਆਲੀਸ਼ਾਨ' ਜੀਵਨ ਸ਼ੈਲੀ ਜਿਉਣ ਲਈ ਕੀਤੀ। ਰਾਮ ਵਿਰੁਧ ਮਨੀ ਲਾਂਡਰਿੰਗ ਦਾ ਮਾਮਲਾ ਝਾਰਖੰਡ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਦੀ ਸ਼ਿਕਾਇਤ ਨਾਲ ਸਬੰਧਤ ਹੈ।
(For more Punjabi news apart from ED recovers huge amount of cash from alleged aide of Jharkhand minister, stay tuned to Rozana Spokesman)