
ਭਾਰਤੀ ਹਵਾਈ ਫ਼ੌਜ ਦਾ ਜੈਗੁਆਰ ਲੜਾਕੂ ਜਹਾਜ਼ ਗੁਜਰਾਤ ਦੇ ਜਾਮਨਗਰ ਹਵਾਈ ਫ਼ੌਜ ਦੇ ਅੱਡੇ ਤੋਂ ਉਡਾਨ ਭਰਨ ਦੇ ਤੁਰਤ ਬਾਅਦ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ...
ਕੱਛ, ਭਾਰਤੀ ਹਵਾਈ ਫ਼ੌਜ ਦਾ ਜੈਗੁਆਰ ਲੜਾਕੂ ਜਹਾਜ਼ ਗੁਜਰਾਤ ਦੇ ਜਾਮਨਗਰ ਹਵਾਈ ਫ਼ੌਜ ਦੇ ਅੱਡੇ ਤੋਂ ਉਡਾਨ ਭਰਨ ਦੇ ਤੁਰਤ ਬਾਅਦ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਜਹਾਜ਼ ਰੂਟੀਨ ਸਿਖਲਾਈ ਮਿਸ਼ਨ 'ਤੇ ਸੀ ਅਤੇ ਸਵੇਰੇ ਕਰੀਬ ਸਾਢੇ 10 ਵਜੇ ਹਾਦਸਾਗ੍ਰਸਤ ਹੋ ਗਿਆ।
ਸੂਤਰਾਂ ਨੇ ਦਸਿਆ ਕਿ ਇਸ ਹਾਦਸੇ ਵਿਚ ਪਾਇਲਟ ਏਅਰ ਕਮਾਂਡਰ ਸੰਜੇ ਚੌਹਾਨ ਦੀ ਮੌਤ ਹੋ ਗਈ। ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਹਵਾਈ ਫ਼ੌਜ ਮੁੱਖ ਦਫ਼ਤਰ ਨੇ ਕੋਰਟ ਆਫ਼ ਇਨਕੁਆਰੀ ਦੇ ਆਦੇਸ਼ ਦਿਤੇ ਹਨ। ਗੁਜਰਾਤ ਦੇ ਅਧਿਕਾਰੀ ਨੇ ਕਿਹਾ ਕਿ ਨਿਯਮਤ ਉਡਾਨ 'ਤੇ ਨਿਕਲਿਆ ਜਹਾਜ਼ ਬਰੇਜਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਸਥਾਨਕ ਲੋਕਾਂ ਨੇ ਦਸਿਆ ਕਿ ਜਹਾਜ਼ ਦਾ ਮਲਬਾ ਪਿੰਡ ਦੇ ਬਾਹਰੀ ਇਲਾਕੇ ਵਿਚ ਦੂਰ ਤਕ ਖਿੱਲਰ ਗਿਆ।
ਇਸ ਤੋਂ ਪਹਿਲਾਂ ਫ਼ਰਵਰੀ ਮਹੀਨੇ ਵਿਚ ਆਸਾਮ ਦੇ ਮਾਜੁਲੀ ਜ਼ਿਲ੍ਹੇ ਵਿਚ ਜੋਰਹਾਟ ਨੇੜੇ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਰ ਕੇ ਭਾਰਤੀ ਹਵਾਈ ਫ਼ੌਜ ਦੇ ਦੋ ਜਵਾਨ ਮਾਰੇ ਗਏ ਸਨ। 50 ਸਾਲਾ ਚੌਹਾਨ ਨੂੰ 16 ਦਸੰਬਰ 1989 ਨੂੰ ਹਵਾਈ ਫ਼ੌਜ ਦੇ ਜੰਗੀ ਦਸਤੇ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਉਹ ਕੁਆਲੀਫ਼ਾਈਡ ਪਾਇਲਟ ਸਨ। ਉਨ੍ਹਾਂ ਕੋਲ ਹਵਾਈ ਫ਼ੌਜ ਦੇ ਪਾਇਲਟ ਦੇ ਰੂਪ ਵਿਚ 3800 ਘੰਟਿਆਂ ਤੋਂ ਵੱਧ ਦੀ ਉਡਾਨ ਦਾ ਤਜਰਬਾ ਸੀ। (ਏਜੰਸੀ)