
ਐਨ.ਡੀ.ਆਰ.ਐਫ਼. ਦੇ ਮੁਲਾਜ਼ਮਾਂ ਦੀ ਮਾਨਸਿਕ ਸਿਹਤ ’ਤੇ ਪਿਆ ਬੁਰਾ ਪ੍ਰਭਾਵ, ਰਾਹਤ ਕਾਰਜਾਂ ਤੋਂ ਪਰਤੇ ਮੁਲਾਜ਼ਮਾਂ ਦੀ ਮਾਨਸਿਕ ਸਥਿਰਤਾ ਦਾ ਪ੍ਰੋਗਰਾਮ ਸ਼ੁਰੂ
ਨਵੀਂ ਦਿੱਲੀ: ਓਡੀਸਾ ਰੇਲ ਹਾਦਸੇ ਵਾਲੀ ਥਾਂ ਦਾ ਦ੍ਰਿਸ਼ ਕਿੰਨਾ ਭਿਆਨਕ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਏਨੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਵੇਖ ਕੇ ਉਥੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਲੇ ਮੁਲਾਜ਼ਮਾਂ ਦੀ ਮਾਨਸਿਕ ਸਿਹਤ ’ਤੇ ਵੀ ਬਹੁਤ ਬੁਰਾ ਅਸਰ ਪਿਆ ਹੈ।
ਰਾਸ਼ਟਰੀ ਬਿਪਤਾ ਮੋਚਨ ਬਲ (ਐਨ.ਡੀ.ਆਰ.ਐਫ਼.) ਦੇ ਡਾਇਰੈਕਟਰ ਜਨਰਲ ਅਤੁਲ ਕਰਵਾਲ ਨੇ ਦਸਿਆ ਹੈ ਕਿ ਓਡੀਸਾ ਦੇ ਬਾਲਾਸੋਰ ’ਚ ਰੇਲ ਹਾਦਸੇ ’ਤੇ ਬਚਾਅ ਮੁਹਿੰਮ ’ਚ ਤੈਨਾਤ ਬਲ ਦਾ ਇਕ ਮੁਲਾਜ਼ਮ ਜਦੋਂ ਵੀ ਪਾਣੀ ਵੇਖਦਾ ਹੈ ਤਾਂ ਉਸ ਨੂੰ ਖ਼ੂਨ ਵਰਗਾ ਲਗਦਾ ਹੈ, ਜਦਕਿ ਇਕ ਹੋਰ ਮੁਲਾਜ਼ਮ ਨੂੰ ਭੁੱਖ ਲਗਣੀ ਬੰਦ ਹੋ ਗਈ ਹੈ।
ਬਾਲਾਸੋਰ ’ਚ ਤਿੰਨ ਰੇਲ ਗੱਡੀਆਂ ਦੇ ਆਪਸ ’ਚ ਟਕਰਾਉਣ ਤੋਂ ਬਾਅਦ ਬਚਾਅ ਮੁਹਿੰਮ ਲਈ ਐਨ.ਡੀ.ਆਰ.ਐਫ਼. ਦੀਆਂ 9 ਟੀਮਾਂ ਨੂੰ ਤੈਨਾਤ ਕੀਤਾ ਗਿਆ ਸੀ। ਭਾਰਤ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ’ਚੋਂ ਇਕ ਇਸ ਹਾਦਸੇ ’ਚ ਘੱਟ ਤੋਂ ਘੱਟ 278 ਲੋਕਾਂ ਦੀ ਮੌਤ ਹੋ ਗਈ ਅਤੇ 900 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਸਰਕਾਰੀ ਅੰਕੜਿਆਂ ਅਨੁਸਾਰ, ਬਲ ਨੇ 44 ਪੀੜਤਾਂ ਨੂੰ ਬਚਾਇਆ ਅਤੇ ਘਟਨਾ ਵਾਲੀ ਥਾਂ ਤੋਂ 121 ਲਾਸ਼ਾਂ ਬਰਾਮਦ ਕੀਤੀਆਂ। ਤਿੰਨ ਰੇਲ ਗੱਡੀਆਂ ਦੇ ਟਕਰਾਉਣ ਤੋਂ ਬਾਅਦ ਲੋਕ ਏਨੀ ਬੁਰੀ ਤਰ੍ਹਾਂ ਮਾਰੇ ਗਏ ਕਿ ਲਾਸ਼ਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਕਿਸੇ ਦਾ ਸਿਰ ਹੀ ਮਿਲਿਆ, ਜਦਕਿ ਕਈਆਂ ਦੇ ਹੱਥ-ਪੈਰ ਵੱਢੇ ਗਏ।
ਬਿਪਤਾ ਪ੍ਰਤੀਕਿਰਿਆ ਲਈ ਸਮਰਥਾ ਨਿਰਮਾਣ ’ਤੇ ਸਾਲਾਨਾ ਸੰਮੇਲਨ, 2023 ਨੂੰ ਸੰਬੋਧਨ ਕਰਦਿਆਂ ਕਰਵਾਲ ਨੇ ਕਿਹਾ, ‘‘ਮੈਂ ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਬਚਾਅ ਮੁਹਿੰਮ ’ਚ ਸ਼ਾਮਲ ਅਪਣੇ ਮੁਲਾਜ਼ਮਾਂ ਨੂੰ ਮਿਲਿਆ। ਇਕ ਮੁਲਾਜ਼ਮ ਲੇ ਕਿਹਾ ਕਿ ਉਹ ਜਦੋਂ ਵੀ ਪਾਣੀ ਵੇਖਦਾ ਹੈ ਤਾਂ ਉਸ ਨੂੰ ਇਹ ਖ਼ੂਨ ਵਰਗਾ ਲਗਦਾ ਹੈ। ਇਕ ਹੋਰ ਬਚਾਅ ਮੁਲਾਜ਼ਮਾਂ ਨੇ ਦਸਿਆ ਕਿ ਇਸ ਬਚਾਅ ਮੁਹਿੰਮ ਤੋਂ ਬਾਅਦ ਉਸ ਦੀ ਭੁੱਖ ਹੀ ਮਰ ਗਈ ਹੈ।’’
ਪਿੱਛੇ ਜਿਹੇ ਹਾਦਸੇ ਦਾ ਦੌਰਾ ਕਰਨ ਵਾਲੇ ਐਨ.ਡੀ.ਆਰ.ਐਫ਼. ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਬਲ ਨੇ ਅਪਣੇ ਮੁਲਾਜ਼ਮਾਂ ਦੇ ਬਚਾਅ ਅਤੇ ਰਾਹਤ ਮੁਹਿੰਮ ਤੋਂ ਪਰਤਣ ’ਤੇ ਉਨ੍ਹਾਂ ਲਈ ਮਨੋਵਿਗਿਆਨਕ ਕੌਂਸਲਿੰਗ ਅਤੇ ਮਾਨਸਿਕ ਸਥਿਰਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਉਨ੍ਹਾਂ ਕਿਹਾ, ‘‘ਚੰਗੀ ਮਾਨਸਿਕ ਸਿਹਤ ਲਈ ਅਜਿਹੀ ਕੌਂਸਲਿੰਗ ਸਾਡੇ ਉਨ੍ਹਾਂ ਮੁਲਾਜ਼ਮਾਂ ਲਈ ਕਰਵਾਈ ਜਾ ਰਹੀ ਹੈ ਜੋ ਬਿਪਤਾ ਵਾਲੇ ਇਲਾਕਿਆਂ ’ਚ ਬਚਾਅ ਅਤੇ ਰਾਹਤ ਮੁਹਿੰਮਾਂ ’ਚ ਸ਼ਾਮਲ ਹੁੰਦੇ ਹਨ।’’
ਕਰਵਾਲ ਨੇ ਕਿਹਾ ਕਿ ਪਿਛਲੇ ਸਾਲ ਤੋਂ ਹੁਣ ਤਕ ਇਸ ਬਾਬਤ ਕਰਵਾਏ ਵਿਸ਼ੇਸ਼ ਅਭਿਆਸ ਤੋਂ ਬਾਅਦ ਤਕਰੀਬਨ 18000 ਮੁਲਾਜ਼ਮਾਂ ’ਚੋਂ 95 ਫ਼ੀ ਸਦੀ ਫਿੱਟ ਪਾਏ ਗਏ।