
ਸਿਗਨਲ ਰੂਮ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਅਤੇ ਵੱਖੋ-ਵੱਖ ਉਪਕਰਨਾਂ ਦੇ ਪ੍ਰਯੋਗ ਦੀ ਜਾਣਕਾਰੀ ਪ੍ਰਾਪਤ ਕੀਤੀ
ਬਾਲਾਸੋਰ: ਬਾਲਾਸੋਰ ’ਚ ਦੋ ਜੂਨ ਨੂੰ ਹੋਏ ਰੇਲ ਹਾਦਸੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ 10 ਮੈਂਬਰ ਟੀਮ ਇਸ ਸਮੇਂ ਓਡਿਸਾ ’ਚ ਹੈ ਅਤੇ ਉਸ ਨੇ ਮੰਗਲਵਾਰ ਨੂੰ ਪਟੜੀਆਂ ਅਤੇ ਸਿਗਨਲ ਰੂਮ ਦੀ ਜਾਂਚ ਕੀਤੀ ਅਤੇ ਬਾਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ’ਤੇ ਤੈਨਾਤ ਰੇਲ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਕੀਤੀ।
ਜ਼ਿਕਰਯੋਗ ਹੈ ਕਿ ਰੇਲਵੇ ਬੋਰਡ ਨੇ ਐਤਵਾਰ ਨੂੰ ਹਾਦਸੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਸਿਫ਼ਾਰਸ਼ ਕੀਤੀ ਸੀ। ਦੋ ਯਾਤਰੀ ਰੇਲ ਗੱਡੀਆਂ ਅਤੇ ਇਕ ਮਾਲਗੱਡੀ ਦੇ ਹਾਦਸਾਗ੍ਰਸਤ ਹੋਣ ਨਾਲ ਕੁਲ 278 ਲੋਕਾਂ ਦੀ ਜਾਨ ਗਈ ਸੀ ਅਤੇ ਲਗਭਗ 1200 ਲੋਕ ਜ਼ਖ਼ਮੀ ਹੋਏ ਸਨ।
ਸੀ.ਬੀ.ਆਈ. ਅਧਿਕਾਰੀਆਂ ਦੇ ਨਾਲ ਆਈ ਫ਼ੋਰੈਂਸਿਕ ਟੀਮ ਨੇ ਵੀ ਸਿਗਨਲ ਰੂਮ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਅਤੇ ਵੱਖੋ-ਵੱਖ ਉਪਕਰਨਾਂ ਦੇ ਪ੍ਰਯੋਗ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਪ੍ਰਾਪਤ ਕੀਤੀ।
ਸੀ.ਬੀ.ਆਈ. ਹਾਦਸੇ ਦੀ ਅਪਰਾਧਕ ਕੋਣ ਤੋਂ ਜਾਂਚ ਕਰੇਗੀ ਕਿਉਂਕਿ ਰੇਲਵੇ ਨੇ ਹਾਦਸੇ ਪਿੱਛੇ ਤੋੜਭੰਨ ਜਾਂ ਬਾਹਰੀ ਦਖ਼ਲਅੰਦਾਜ਼ੀ ਦਾ ਸ਼ੱਕ ਪ੍ਰਗਟਾਇਆ ਹੈ।
ਖੁਰਦਾ ਰੋਡ ਮੰਡਲ ਦੇ ਮੰਡਲ ਰੇਲ ਪ੍ਰਬੰਧਕ (ਡੀ.ਆਰ.ਐਮ.) ਰਿਕੇਸ਼ ਰਾਏ ਨੇ ਸ਼ੱਕ ਪ੍ਰਗਟਾਇਆ ਹੈ ਕਿ ਸਿਗਨਲ ਪ੍ਰਣਾਲੀ ’ਚ ਸ਼ਾਇਦ ‘ਛੇੜਛਾੜ’ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਘਟਨਾ ਤੋਂ ਇਕ ਦਿਨ ਬਾਅਦ ਯਾਨੀ ਕਿ ਤਿੰਨ ਜੂਨ ਨੂੰ ਓਡੀਸ਼ਾ ਪੁਲਿਸ ਵਲੋਂ ਬਾਲਾਸੋਰ ਸਰਕਾਰੀ ਰੇਲਵੇ ਪੁਲਿਸ ਥਾਣੇ ’ਚ ਦਰਜ ਐਫ਼.ਆਈ.ਆਰ. ਨੰਬਰ 64 ਦੀ ਜਾਂਚ ਕੇਂਦਰੀ ਏਜੰਸੀ ਨੇ ਅਪਣੇ ਹੱਥਾਂ ’ਚ ਲੈ ਲਈ ਹੈ।