45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲ ਸਕਦੀ ਹੈ
ਨਵੀਂ ਦਿੱਲੀ/ਅਹਿਮਦਾਬਾਦ: ਗੁਜਰਾਤ ਦੇ ਦੱਖਣੀ ਪੋਰਬੰਦਰ ’ਚ ਦੱਖਣ-ਪੂਰਬ ਅਰਬ ਸਾਗਰ ’ਤੇ ਡੂੰਘੇ ਦਬਾਅ ਦਾ ਖੇਤਰ ਚੱਕਰਵਾਤੀ ਤੂਫ਼ਾਨ ‘ਬਿਪਰਜੌਏ’ ’ਚ ਤਬਦੀਲ ਹੋ ਗਿਆ ਹੈ। ਇਸ ਚੱਕਰਵਾਤੀ ਤੂਫ਼ਾਨ ਦਾ ਨਾਂ ਬੰਗਲਾਦੇਸ਼ ਨੇ ਰਖਿਆ ਹੈ।
ਚੱਕਰਵਾਤ ਕਰਕੇ ਗੁਜਰਾਤ ਦੇ ਸਮੁੰਦਰੀ ਕੰਢੇ ’ਤੇ 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲ ਸਕਦੀ ਹੈ ਅਤੇ ਇਸ ਦੀ ਰਫ਼ਤਾਰ 65 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਨੂੰ ਕਿਹਾ ਹੈ। ਗੁਜਰਾਤ ਦੇ ਸਾਰੇ ਬੰਦਰਗਾਹਾਂ ਨੂੰ ਚੇਤਾਵਨੀ ਸੰਕੇਤ ਚਾਲੂ ਕਰਨ ਨੂੰ ਕਿਹਾ ਗਿਆ ਹੈ। ਖ਼ਰਾਬ ਮੌਸਮ ਕਰਕੇ ਮਛੇਰਿਆਂ ਨੂੰ ਡੂੰਘੇ ਸਮੁੰਦਰ ’ਚ ਨਾ ਜਾਣ ਲਈ ਕਿਹਾ ਗਿਆ ਹੈ।
ਮੌਸਮ ਵਿਭਾਗ ਨੇ ਦਸਿਆ ਕਿ ਚੱਕਰਤਾਵੀ ਤੂਫ਼ਾਨ ਵੀਰਵਾਰ ਸਵੇਰੇ ਤਕ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਅਤੇ ਸ਼ੁਕਰਵਾਰ ਸ਼ਾਮ ਤਕ ਇਸ ਦੇ ਵਿਸ਼ਾਲ ਰੂਪ ਲੈਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਇਕ ਬੁਲੇਟਿਨ ’ਚ ਕਿਹਾ ਕਿ ਘੱਟ ਦਬਾਅ ਦਾ ਖੇਤਰ ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਪੱਛਮ-ਦੱਖਣ ਪੱਛਮੀ ਗੋਆ ਤੋਂ ਲਗਭਗ 950 ਕਿਲੋਮੀਟਰ ਦੱਖਣ-ਦੱਖਣ ਪੱਛਮ ਮੁੰਬਈ ਤੋਂ 1100 ਕਿਲੋਮੀਟ, ਦੱਖਣ ਪੋਰਬੰਦਰ ਤੋਂ 1190 ਕਿਲੋਮੀਟਰ ਅਤੇ ਪਾਕਿਸਤਾਨ ’ਚ ਦੱਖਣ ਕਰਾਰੀ ਤੋਂ 1490 ਕਿਲੋਮੀਟਰ ’ਤੇ ਬਣਿਆ ਹੋਇਆ ਹੈ। ਤੂਫ਼ਾਨ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।
ਇਸ ’ਚ ਕਿਹਾ ਗਿਆ ਹੈ, ‘‘ਦਬਾਅ ਦੇ ਖੇਤਰ ਉੱਤਰ ਵਲ ਵਧਣ ਅਤੇ ਪੂਰਬ-ਮੱਧ ਅਰਬ ਸਾਗਰ ਅਤੇ ਉਸ ਨਾਲ ਲੱਗੇ ਦੱਖਣ-ਪੂਰਬ ਅਰਬ ਸਾਗਰ ’ਤੇ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋਣ ਦੀ ਸੰਭਾਵਨਾ ਹੈ।’’
ਇਸ ਦੌਰਾਨ ਕੇਰਲ-ਕਰਨਾਟਕ ਸਮੁੰਦਰੀ ਕੰਢਿਆਂ ’ਤੇ ਅਤੇ ਲਕਸ਼ਦੀਪ-ਮਾਲਦੀਵ ਇਲਾਕਿਆਂ ’ਚ ਛੇ ਜੂਨ ਅਤੇ ਕੋਂਕਣ-ਗੋਆ-ਮਹਾਰਾਸ਼ਟਰ ਸਮੁੰਦਰੀ ਕੰਢੇ ’ਤੇ ਅੱਠ ਤੋਂ 10 ਜੂਨ ਤਕ ਸਮੁੰਦਰੀ ’ਚ ਬਹੁਤ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਸਮੁੰਦਰ ’ਚ ਗਏ ਮਛੇਰਿਆਂ ਨੂੰ ਵਾਪਰ ਪਰਤਣ ਦੀ ਸਲਾਹ ਦਿਤੀ ਗਈ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੂਰਬ ਅਰਬ ਸਾਗਰ ਦੇ ਉੱਪਰ ਘੱਟ ਦਬਾਅ ਦਾ ਖੇਤਰ ਬਣਨ ਅਤੇ ਅਗਲੇ ਦੋ ਦਿਨਾਂ ’ਚ ਇਸ ’ਚ ਤੇਜ਼ੀ ਆਉਣ ਕਰਕੇ ਚੱਕਰਵਾਤੀ ਹਵਾਵਾਂ ਮੌਨਸੂਨ ਦੇ ਕੇਰਲ ਤਟ ਵਲ ਆਉਣ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਹਾਲਾਂਕਿ ਮੌਸਮ ਵਿਭਾਗ ਨੇ ਕੇਰਲ ’ਚ ਮੌਨਸੂਨ ਦੇ ਆਉਣ ਦੀ ਸੰਭਾਵਤ ਮਿਤੀ ਨਹੀਂ ਦਸੀ।
ਨਿਜੀ ਮੌਸਮ ਭਵਿੱਖਬਾਣੀ ਏਜੰਸੀ ‘ਸਕਾਈਮੇਟ ਵੈਦਰ’ ਨੇ ਦਸਿਆ ਕਿ ਕੇਰਲ ’ਚ ਮੌਨਸੂਨ ਅੱਠ ਜਾਂ 9 ਜੂਨ ਨੂੰ ਦਸਤਕ ਦੇ ਸਕਦਾ ਹੈ ਪਰ ਹਲਕੇ ਮੀਂਹ ਦੀ ਹੀ ਸੰਭਾਵਨਾ ਹੈ।