ਡੱਲ ਝੀਲ ਦੀਆਂ ਲਹਿਰਾਂ 'ਤੇ ਸਵਾਰ ਪੰਜ ਪੀੜ੍ਹੀਆਂ ਦੀ ਜ਼ਿੰਦਗੀ ਦਾ ਰੁਕਿਆ ਚੱਪੂ
Published : Nov 30, 2025, 7:22 am IST
Updated : Nov 30, 2025, 11:38 am IST
SHARE ARTICLE
Tourists are not coming to Dal Lake
Tourists are not coming to Dal Lake

ਕਸ਼ਮੀਰ ਵਾਦੀ 'ਚ ਨਹੀਂ ਪਰਤੀਆਂ ਪੁਰਾਣੀਆਂ ਰੌਣਕਾਂ, ਬਹੁਤੇ ਰਵਾਇਤੀ ਕਾਰੋਬਾਰ ਖ਼ਤਰੇ 'ਚ

ਸ੍ਰੀਨਗਰ (ਸਤਵਿੰਦਰ ਸਿੰਘ ਧੜਾਕ): ਕਸ਼ਮੀਰ ਵਾਦੀ ’ਚ ਵਾਰ-ਵਾਰ ਅਤਿਵਾਦੀ ਹਮਲਿਆਂ ਅਤੇ ਤਣਾਅਪੂਰਨ ਹਾਲਾਤ ਤੋਂ ਬਾਅਦ ਸੈਲਾਨੀ ਹੁਣ ਦੁਬਾਰਾ ਆਉਣੇ ਸ਼ੁਰੂ ਹੋ ਗਏ ਹਨ। ਪਰ ਸੈਲਾਨੀਆਂ ਦੀ ਗਿਣਤੀ ਹਾਲੇ ਵੀ ਪਹਿਲਗਾਮ ਹਮਲੇ ਤੋਂ ਪਹਿਲਾਂ ਵਾਲੇ ਪੱਧਰ ਉਤੇ ਨਹੀਂ ਪੁੱਜ ਸਕੀ ਹੈ। ਦਰਅਸਲ, ਸ੍ਰੀਨਗਰ ਦੀ ਵਿਸ਼ਵ–ਪ੍ਰਸਿੱਧ ਡੱਲ ਝੀਲ ’ਤੇ ਪਿਛਲੇ ਲੰਮੇ ਸਮੇਂ ਤੋਂ ਤੈਰ ਰਹੇ ਸ਼ਿਕਾਰਿਆਂ ਦੇ ਮਾਲਕਾਂ ਤੇ ਸੈਰ–ਸਪਾਟੇ ਨਾਲ ਜੁੜੇ ਹੋਰ ਕਾਰੋਬਾਰਾਂ ਦੀ ਆਮਦਨ ਤਾਂ ਸਿਰਫ਼ ਤੇ ਸਿਰਫ਼ ਸੈਲਾਨੀਆਂ ਦੀ ਆਮਦ ਉੱਤੇ ਹੀ ਨਿਰਭਰ ਕਰਦੀ ਹੈ।

ਹੋਰ ਤਾਂ ਹੋਰ, ਸ੍ਰੀਨਗਰ ਤੇ ਡੱਲ ਝੀਲ ਦੇ ਆਲੇ–ਦੁਆਲੇ ਦੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੇ ਅਪਣੇ ਮਕਾਨਾਂ ਦੇ ਬਹੁਤੇ ਕਮਰੇ ਸੈਲਾਨੀਆਂ ਦੇ ਠਹਿਰਣ ਲਈ ਰਾਖਵੇਂ ਰੱਖੇ ਹੋਏ ਹਨ ਅਤੇ ਆਪ ਉਹ ਕਈ–ਕਈ ਜਣੇ ਇਕੋ ਕਮਰੇ ’ਚ ਔਖੇ ਹੋ ਕੇ ਵੀ ਗੁਜ਼ਾਰਾ ਕਰ ਲੈਂਦੇ ਹਨ ਪਰ ਅਪਣੇ ਗੈਸਟ–ਹਾਊਸ ਨੂੰ ਪ੍ਰਭਾਵਤ ਨਹੀਂ ਹੋਣ ਦਿੰਦੇ। ਪਰ ਉਨ੍ਹਾਂ ਦੇ ਵੀ ਹੁਣ ਰੱਖ–ਰਖਾਅ ਦੇ ਖ਼ਰਚੇ ਤਕ ਪੂਰੇ ਨਹੀਂ ਹੋ ਰਹੇ। ਸ੍ਰੀਨਗਰ ਦੀ ਪਛਾਣ ਮੰਨੀ ਜਾਂਦੀ ਡੱਲ ਝੀਲ ’ਤੇ ਲਗਭਗ 4,000 ਤੋਂ 5,000 ਸ਼ਿਕਾਰੇ ਰਜਿਸਟਰਡ ਹਨ, ਜਿਨ੍ਹਾਂ ਵਿਚੋਂ ਲਗਭਗ 3,000 ਲਗਾਤਾਰ ਚਲ ਰਹੇ ਹਨ। ਇਹ ਸ਼ਿਕਾਰੇ ਮਹਿਜ਼ ਕਿਸ਼ਤੀਆਂ ਨਹੀਂ ਹਨ, ਸਗੋਂ ਸਥਾਨਕ ਪ੍ਰਵਾਰਾਂ ਦੀ ਪਿਛਲੀਆਂ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਵਿਰਾਸਤ ਹਨ।

ਝੀਲ ’ਤੇ ਕਈ ਸ਼ਿਕਾਰਾ ਮਾਲਕਾਂ ਅਤੇ ਕਿਸ਼ਤੀ ਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਵਾਰ ਚੌਥੀ ਅਤੇ ਪੰਜਵੀਂ ਪੀੜ੍ਹੀ ਤੋਂ ਸ਼ਿਕਾਰਾ ਚਲਾਉਂਦੇ ਆ ਰਹੇ ਹਨ। ਇਕ ਕਿਸ਼ਤੀ ਚਾਲਕ ਅਨੁਸਾਰ ਸਾਡਾ ਸ਼ਿਕਾਰਾ ਤੀਹ ਸਾਲ ਪੁਰਾਣਾ ਹੈ। ਪਹਿਲਾਂ, ਅਸੀਂ ਰੋਜ਼ਾਨਾ ਅੱਠ ਤੋਂ 10 ਹਜ਼ਾਰ ਰੁਪਏ ਕਮਾਉਂਦੇ ਸਾਂ ਪਰ ਹੁਣ ਕਮਾਈ ਸਿਰਫ਼ ਤਿੰਨ ਤੋਂ ਚਾਰ ਹਜ਼ਾਰ ਰੁਪਏ ਤੇ ਕਦੀ–ਕਦਾਈਂ ਤਾਂ ਇਸ ਤੋਂ ਵੀ ਘੱਟ ਰਹਿ ਗਈ ਹੈ। ਪਰ ਇਸ ਨਾਲ ਸ਼ਿਕਾਰਿਆਂ ਦੇ ਰੱਖ–ਰਖਾਅ ਤੇ ਹੋਰ ਮੁਲਾਜ਼ਮਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੁੰਦੇ। ਉਂਝ ਕਸ਼ਮੀਰ ਵਾਦੀ ’ਚ ਸੈਲਾਨੀਆਂ ਦੀ ਆਮਦ ਨੂੰ ਪਹਿਲਾ ਵੱਡਾ ਝਟਕਾ 14 ਫ਼ਰਵਰੀ, 2019  ਨੂੰ ਪੁਲਵਾਮਾ ਅਤੇ ਹੁਣ  ਤਾਜ਼ਾ ਪਹਿਲਗਾਮ ਹਮਲੇ ਨਾਲ ਹੀ ਲੱਗਾ ਹੈ। ਉਸ ਤੋਂ ਬਾਅਦ ਦੇ ਤਣਾਅ–ਭਰਪੂਰ ਸਮੇਂ ਨੇ ਕਸ਼ਮੀਰ ਦੇ ਸੈਰ-ਸਪਾਟੇ ਨੂੰ ਡਾਢਾ ਨੁਕਸਾਨ ਪਹੁੰਚਾਇਆ ਹੈ। ਜਦੋਂ ਕਿ ਸੀਜ਼ਨ ਦੇ ਸਿਖ਼ਰ ਵੇਲੇ ਤਾਂ ਝੀਲ ਦੇ ਸਾਰੇ ਕੰਢੇ ਤੇ ਸ਼ਿਕਾਰੇ ਲਗਭਗ ਸਾਰਾ ਦਿਨ ਸੈਲਾਨੀਆਂ ਨਾਲ ਭਰੇ ਰਹਿੰਦੇ ਸਨ। ਉਸ ਦੇ ਮੁਕਾਬਲੇ ਹੁਣ ਬਹੁਤ ਸਾਰੇ ਘਾਟਾਂ ’ਤੇ ਸਵੇਰ ਤੋਂ ਸ਼ਾਮ ਤਕ ਸਿਰਫ਼ 50-60 ਸੈਲਾਨੀ ਹੀ ਦਿਖਾਈ ਦਿੰਦੇ ਹਨ।

ਕਈ ਘਾਟ ਮਾਲਕਾਂ ਦਾ ਕਹਿਣਾ ਹੈ ਕਿ ਜਦੋਂ ਕਿ ਰੋਜ਼ਾਨਾ 60 ਤੋਂ 100 ਸ਼ਿਕਾਰੇ ਇਕ ਘਾਟ ਤੋਂ ਨਿਕਲਦੇ ਸਨ। ਹੁਣ ਤਾਂ ਹਾਲਾਤ ਇਥੋਂ ਤਕ ਨਿਘਰ ਗਏ ਹਨ ਕਿ ਇਕ ਦਿਨ ਵਿਚ ਸਿਰਫ਼ ਚਾਰ ਜਾਂ ਪੰਜ ਸ਼ਿਕਾਰੇ ਹੀ ਭਰ ਕੇ ਚਲਦੇ ਹਨ। ਸੈਰ-ਸਪਾਟੇ ਵਿਚ ਇਸ ਗਿਰਾਵਟ ਦਾ ਅਸਰ ਹੁਣ ਸਥਾਨਕ ਹੋਟਲਾਂ ਤੇ ਰੈਸਟੋਰੈਂਟਾਂ, ਗੈਸਟ–ਹਾਊਸਜ਼ ਦੇ ਕਾਰੋਬਾਰਾਂ, ਹਾਊਸਬੋਟਾਂ, ਟੂਰ ਆਪਰੇਟਰਾਂ ਅਤੇ ਟੈਕਸੀ ਕਾਰੋਬਾਰਾਂ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਬਹੁਤ ਸਾਰੀਆਂ ਦੁਕਾਨਾਂ ਅਤੇ ਸ਼ਿਕਾਰਿਆਂ ਨੂੰ ਅਪਣੇ ਸਟਾਫ਼ ਦੀ ਛਾਂਟੀ ਵੀ ਕਰਨੀ ਪਈ ਹੈ।

ਤਾਜ਼ਾ ਅੰਕੜਿਆਂ ਅਨੁਸਾਰ, 2025 ਦੇ ਪਹਿਲੇ ਤਿੰਨ ਮਹੀਨਿਆਂ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਕੁਲ 5.25 ਲੱਖ ਸੈਲਾਨੀਆਂ ਨੇ ਘਾਟੀ ਦਾ ਦੌਰਾ ਕੀਤਾ ਸੀ , ਜਿਨ੍ਹਾਂ ਵਿਚ 5.14 ਲੱਖ ਘਰੇਲੂ ਅਤੇ 10,427 ਵਿਦੇਸ਼ੀ ਸੈਲਾਨੀ ਸ਼ਾਮਲ ਸਨ। ਜਨਵਰੀ ਤੋਂ ਮਾਰਚ ਤਕ, ਔਸਤਨ 1.50 ਤੋਂ 1.75 ਲੱਖ ਸੈਲਾਨੀਆਂ ਨੇ ਪ੍ਰਤੀ ਮਹੀਨਾ ਘਾਟੀ ਦਾ ਦੌਰਾ ਕੀਤਾ। ਕੇਂਦਰ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਦੀ ਆਰਥਕ ਸਰਵੇਖਣ ਰਿਪੋਰਟ ਦੇ ਅਨੁਸਾਰ, 2024 ਵਿਚ ਕੁਲ 34.98 ਲੱਖ ਸੈਲਾਨੀ ਕਸ਼ਮੀਰ ਆਏ ਸਨ। ਪ੍ਰਾਪਤ ਅੰਕੜਿਆਂ ਅਨੁਸਾਰ 2023 ਵਿਚ 31.55 ਲੱਖ ਸੀ। ਬਾਲੀਵੁਡ ਅਤੇ ਪੰਜਾਬੀ ਸਿਤਾਰਿਆਂ ਦੀ ਸ਼ੂਟਿੰਗ ਅਤੇ ਉਨ੍ਹਾਂ ਦੇ ਦੌਰਿਆਂ ਕਾਰਨ ਵਾਦੀ ਵਿਚ ਜ਼ਰੂਰ ਕੱੁਝ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਦਿਲਜੀਤ ਦੋਸਾਂਝ ਅਤੇ ਹੋਰ ਕਲਾਕਾਰਾਂ ਦੀ ਮੌਜੂਦਗੀ ਤੋਂ ਬਾਅਦ, ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਹਾਲੀਆ ਫ਼ੋਟੋਆਂ ਅਤੇ ਵੀਡੀਉਜ਼ ਨੇ ਨੌਜਵਾਨਾਂ ਵਿਚ ਕਸ਼ਮੀਰ ਜਾਣ ਦੀ ਦਿਲਚਸਪੀ ਵਧਾ ਦਿਤੀ ਹੈ।

ਸਥਾਨਕ ਕਾਰੋਬਾਰਾਂ ਦਾ ਕਹਿਣਾ ਹੈ ਕਿ ਕਲਾਕਾਰਾਂ ਦੀ ਆਮਦ ਤੋਂ ਬਾਅਦ ਬਹੁਤ ਸਾਰੇ ਸੈਲਾਨੀ ਹੁਣ ਡੱਲ ਝੀਲ ’ਤੇ ਦਿਸਣੇ ਸ਼ੁਰੂ ਹੋ ਗਏ ਹਨ। ਇਸ ਸੱਭ ਦੇ ਬਾਵਜੂਦ ਭੀੜ ਹਾਲੇ ਵੀ ਸੀਮਤ ਹੀ ਹੈ ਅਤੇ ਸੈਰ-ਸਪਾਟੇ ਦੀ ਸਮੁੱਚੀ ਆਰਥਕਤਾ ਨੂੰ ਮੁੜ ਸੁਰਜੀਤ ਕਰਨ ਲਈ ਕਾਫ਼ੀ ਨਹੀਂ ਹੈ। ਡੱਲ ਝੀਲ ਦੇ ਆਲੇ-ਦੁਆਲੇ ਸੈਂਕੜੇ ਪ੍ਰਵਾਰ ਨਾ ਸਿਰਫ਼ ਸ਼ਿਕਾਰੇ ਅਤੇ ਹਾਊਸਬੋਟ ਚਲਾ ਕੇ, ਸਗੋਂ ਕਾਹਵਾ, ਕਸ਼ਮੀਰੀ ਸ਼ਾਲ, ਦਸਤਕਾਰੀ ਅਤੇ ਯਾਦਗਾਰੀ ਸਮਾਨ ਵੇਚਣ ਵਾਲੀਆਂ ਤੈਰਦੀਆਂ ਦੁਕਾਨਾਂ ਚਲਾ ਕੇ ਵੀ ਅਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਇਕ ਸ਼ਿਕਾਰਾ ਡਰਾਈਵਰ ਨਾ ਸਿਰਫ਼ ਸੈਲਾਨੀਆਂ ਨੂੰ ਝੀਲ ਦੇ ਦੌਰੇ ’ਤੇ ਲੈ ਕੇ, ਸਗੋਂ ਉਨ੍ਹਾਂ ਨੂੰ ਤੈਰਦੀਆਂ ਦੁਕਾਨਾਂ ’ਤੇ ਲੈ ਕੇ ਵੀ ਕਮਿਸ਼ਨ ਕਮਾਉਂਦਾ ਹੈ।

ਪਰ ਜਦੋਂ ਸੈਲਾਨੀਆਂ ਦੀ ਗਿਣਤੀ ਘਟਦੀ ਹੈ, ਤਾਂ ਪੂਰੀ ਲੜੀ - ਸ਼ਿਕਾਰੇ, ਦੁਕਾਨਦਾਰ, ਗਾਈਡ, ਹੋਟਲ ਅਤੇ ਟੈਕਸੀਆਂ ਇਕੋ ਸਮੇਂ ਪ੍ਰਭਾਵਤ ਹੁੰਦੀਆਂ ਹਨ। ਬਹੁਤ ਸਾਰੇ ਕਿਸ਼ਤੀ ਚਾਲਕ ਦਸਦੇ ਹਨ ਕਿ ਜਦੋਂ ਉਨ੍ਹਾਂ ਨੂੰ ਸ਼ਿਕਾਰਾ ਦੋ ਸਿਫ਼ਟਾਂ ਵਿਚ ਚਲਾਉਣਾ ਪੈਂਦਾ ਸੀ, ਤਾਂ ਕਈ ਦਿਨ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤਕ ਇਕ ਵੀ ਪੂਰਾ ਚੱਕਰ ਨਹੀਂ ਮਿਲਦਾ। ਕੁਲ ਮਿਲਾ ਕੇ, ਜਦੋਂ ਕਿ ਸੈਰ-ਸਪਾਟਾ ਕਸ਼ਮੀਰ ਵਿਚ ਵਾਪਸ ਆ ਸਕਦਾ ਹੈ, ਡੱਲ ਝੀਲ ਦਾ ਅਸਲ ਸੁਹਜ ਅਤੇ ਵਸਨੀਕਾਂ ਦੀ ਸਥਿਰ ਆਮਦਨ ਅਜੇ ਵੀ ਅਧੂਰੀ ਹੈ। ਸਥਾਨਕ ਲੋਕਾਂ ਨੂੰ ਉਮੀਦ ਹੈ ਕਿ ਜੇ ਆਉਣ ਵਾਲੇ ਮਹੀਨਿਆਂ ਵਿਚ ਸਥਿਤੀ ਸ਼ਾਂਤ ਰਹਿੰਦੀ ਹੈ ਅਤੇ ਸੈਲਾਨੀਆਂ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ, ਤਾਂ ਡੱਲ ਝੀਲ ਇਕ ਵਾਰ ਫਿਰ ਅਪਣਾ ਪੁਰਾਣਾ, ਜੀਵੰਤ, ਹਲਚਲ ਵਾਲਾ ਦ੍ਰਿਸ਼ ਪੇਸ਼ ਕਰੇਗੀ, ਜਿਸ ਦੀਆਂ ਯਾਦਾਂ ਹਾਲੇ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement