
ਯੂਨੀਅਨ ਦੀ ਚਿਤਾਵਨੀ ਮਗਰੋਂ ਅੱਜ ਇਸ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਕੇ ਕਿਸਾਨਾਂ ਵਲੋਂ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ।
ਕੁਰੂਕਸ਼ੇਤਰ - ਹਰਿਆਣਾ ਦੇ ਕੁਰੂਕਸ਼ੇਤਰ 'ਚ ਕਿਸਾਨਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਦਰਅਸਲ ਕਿਸਾਨ ਸੂਰਜਮੁਖੀ ਦੀ ਖਰੀਦ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਮੰਗ ਕਰ ਰਹੇ ਹਨ। ਜਿਸ ਨੂੰ ਲੈ ਕੇ ਕਿਸਾਨ ਸ਼ਾਹਾਬਾਦ-ਮਾਰਕੰਡਾ 'ਚ ਜੀਟੀ ਰੋਡ 'ਤੇ ਬੈਠ ਗਏ ਹਨ। ਕਿਸਾਨਾਂ ਦੇ ਸਮਰਥਨ 'ਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵੀ ਧਰਨੇ 'ਤੇ ਬੈਠੀ ਹੈ।
ਯੂਨੀਅਨ ਦੀ ਚਿਤਾਵਨੀ ਮਗਰੋਂ ਅੱਜ ਇਸ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਕੇ ਕਿਸਾਨਾਂ ਵਲੋਂ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ। ਅਧਿਕਾਰੀਆਂ ਨਾਲ ਕਿਸਾਨਾਂ ਦੀ ਪਹਿਲੀ ਮੀਟਿੰਗ ਦਾ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਧਰਨਾ ਜਾਰੀ ਰੱਖਣਗੇ।
ਇਸ ਦੌਰਾਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੋਹਾਂ ਪਾਸੇ ਟਕਰਾਅ ਦੇ ਆਸਾਰ ਨੂੰ ਵੇਖਦੇ ਹੋਏ ਪੁਲਸ ਨੇ ਬੈਰੀਕੇਡਿੰਗ ਕੀਤੀ ਹੈ। ਸਮੁੱਚੀ ਪੁਲਸ ਫੋਰਸ ਨੂੰ ਹਾਈਵੇਅ 'ਤੇ ਤਾਇਨਾਤ ਕੀਤਾ ਗਿਆ ਹੈ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਸੂਰਜਮੁਖੀ ਨੂੰ MSP 'ਤੇ ਖਰੀਦ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਨੈਸ਼ਨਲ ਹਾਈਵੇਅ ਜਾਮ ਰਹੇਗਾ।
ਗੁਰਨਾਮ ਚੜੂਨੀ ਨੇ ਕਿਹਾ ਕਿ ਉਹਨਾਂ ਦੀ ਇਸ ਬਾਬਤ ਮੀਟਿੰਗ ਵੀ ਹੋਈ ਸੀ ਪਰ ਸਰਕਾਰ ਨੇ ਇਸ ਵਿਚ ਕੋਈ ਗੰਭੀਰਤਾ ਨਹੀਂ ਵਿਖਾਈ। ਦਰਅਸਲ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 6 ਜੂਨ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ। ਕਿਸਾਨਾਂ ਦੇ ਅਲਟੀਮੇਟਮ ਦਾ ਅੱਜ ਆਖਰੀ ਦਿਨ ਸੀ, ਜਿਸ ਬਾਰੇ ਪ੍ਰਸ਼ਾਸਨ ਨੂੰ ਵੀ ਪਤਾ ਸੀ। ਅਲਟੀਮੇਟਮ ਖ਼ਤਮ ਹੁੰਦੇ ਹੀ ਕਿਸਾਨ ਸੜਕਾਂ ’ਤੇ ਆ ਗਏ ਪਰ ਪੁਲਿਸ ਉਨ੍ਹਾਂ ਨੂੰ ਹਾਈਵੇਅ ’ਤੇ ਜਾਣ ਤੋਂ ਰੋਕ ਨਹੀਂ ਸਕੀ।