15000 ਐਲ.ਐਸ.ਡੀ. ਬਲਾਟਸ ਦੀ ‘ਹੁਣ ਤਕ ਦੀ ਸਭ ਤੋਂ ਵੱਡੀ’ ਖੇਪ ਜ਼ਬਤ ਕੀਤੀ
ਨਵੀਂ ਦਿੱਲੀ: ਨਸ਼ਲੀਆਂ ਦਵਾਈਆਂ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ’ਚ ਲਗਭਗ 15000 ਐਲ.ਐਸ.ਡੀ. ਬਲਾਟਸ ਦੀ ‘ਹੁਣ ਤਕ ਦੀ ਸਭ ਤੋਂ ਵੱਡੀ’ ਖੇਪ ਜ਼ਬਤ ਕੀਤੀ ਹੈ ਅਤੇ ‘ਡਾਰਕ ਨੈੱਟ’ ਜ਼ਰੀਏ ਸੰਚਾਲਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਬਿਊਰੋ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਅਧਿਕਾਰੀਆਂ ਅਨੁਸਾਰ ਜ਼ਬਤ ਕੀਤੀ ਖੇਪ (ਲਗਭਗ ਪੰਜ ਹਜ਼ਾਰ ਤੋਂ ਸੱਤ ਹਜ਼ਾਰ ਰੁਪਏ ਪ੍ਰਤੀ ਬਲਾਟ) ਦੀ ਕੀਮਤ ਕੌਮਾਂਤਰੀ ਬਾਜ਼ਾਰ ’ਚ 10 ਕਰੋੜ ਰੁਪਏ ਤੋਂ ਵੱਧ ਹੈ। ਇਹ ਮੁਹਿੰਮ ਪਿਛਲੇ ਮਹੀਨੇ ਦੇ ਅੰਤ ’ਚ ਸ਼ੁਰੂ ਕੀਤੀ ਗਈ ਸੀ। ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਵਿਦਿਆਰਥੀ ਅਤੇ ਨੌਜੁਆਨ ਹਨ ਜੋ ਗੁਪਤ ਇੰਟਰਨੈੱਟ-ਅਧਾਰਤ ਐਪ ਅਤੇ ਡਬਿਲਊ.ਆਈ.ਸੀ.ਕੇ.ਆਰ. ਵਰਗੀਆਂ ਮੈਸੇਂਜਰ ਸੇਵਾ ਜ਼ਰੀਏ ਅਪਣੀ ਪਛਾਣ ਲੁਕਾ ਕੇ ‘ਆਸਾਨੀ ਨਾਲ ਪੈਸਾ’ ਬਣਾਉਣਾ ਚਾਹੁੰਦੇ ਸਨ।
ਐਨ.ਸੀ.ਬੀ. ਦੇ ਉਪ ਡਇਰੈਕਟਰ ਜਨਰਲ (ਉੱਤਰੀ ਰੇਂਜ) ਗਿਆਨੇਸ਼ਵਰ ਸਿੰਘ ਨੇ ਦਸਿਆ, ‘‘ਇਹ ਦੇਸ਼ ’ਚ ਕਿਸੇ ਮੁਹਿੰਮ ’ਚ ਐਲ.ਐਸ.ਡੀ. ਬਲਾਟਸ ਦੀ ਜ਼ਬਤ ਕੀਤੀ ਗਈ ਸਭ ਤੋਂ ਵੱਡੀ ਖੇਪ ਹੈ। ਹੁਣ ਤਕ ਛੇ ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਸੀਂ ਅਜਿਹੇ ਹੀ ਇਕ ਹੋਰ ਗਰੋਹ ਦਾ ਪਤਾ ਲਗਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਉਮਰ 25-28 ਸਾਲ ਵਿਚਕਾਰ ਹੈ ਜਿਨ੍ਹਾਂ ਨੂੰ ਦੋ ਹਫ਼ਤਿਆਂ ਤਕ ਹੱਲੀ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।
ਕੀ ਹੈ ਐਲ.ਐਸ.ਡੀ.?
ਐਲ.ਐਸ.ਡੀ. ਜਾਂ ਲਸਰਜਿਕ ਐਸਿਡ ਡਾਇਥਿਲੇਮਾਈਡ ਅਸਲ ’ਚ ਸਿੰਥੈਟਿਕ ਰਸਾਇਣ ਅਧਾਰਤ ਇਕ ਨਸ਼ੀਲਾ ਪਦਾਰਥ ਹੈ ਅਤੇ ਇਸ ਨੂੰ ਦਿਮਾਗ ਭਰਮਾਊ ਪਦਾਰਥ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਇਸ ਨੂੰ ਸਟਾਂਪ ਪੇਪਰ ਦੇ ਅੱਧੇ ਆਕਾਰ ਦੇ ਬਲਾਟਸ ’ਤੇ ਪੇਂਟ ਕਰ ਕੇ ਇਸ ਦੀ ਤਸਕਰੀ ਕੀਤੀ ਜਾਂਦੀ ਹੈ ਅਤੇ ਇਸ ਨੂੰ ਚੱਟ ਕੇ ਜਾਂ ਨਿਗਲ ਕੇ ਖਾਧਾ ਜਾਂਦਾ ਹੈ। ਐਲ.ਐਸ.ਡੀ. ਦਾ ਸਭ ਤੋਂ ਵੱਧ ਪ੍ਰਯੋਗ ਨੌਜੁਆਨ ਕਰਦੇ ਹਨ ਅਤੇ ਇਸ ਨਾਲ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਐਲ.ਐਸ.ਡੀ. ਨੂੰ ਨਸ਼ੀਲੀਆਂ ਦਵਾਈਆਂ ਵਿਚਕਾਰ ‘ਐਸਿਡ’ ਦੇ ਰੂਪ ’ਚ ਜਾਣਿਆ ਜਾਂਦਾ ਹੈ ਅਤੇ ਇਹ ਗੰਧਹੀਣ, ਰੰਗਹੀਣ ਤੇ ਸੁਆਦਹੀਣ ਹੁੰਦਾ ਹੈ।
0.1 ਗ੍ਰਾਮ ਐਲ.ਐਸ.ਡੀ. ਦੀ ਬਰਾਮਦਗੀ ਨਾਲ ਵਿਅਕਤੀ ਵਿਰੁਧ ਨਸ਼ੀਲੇ ਪਦਾਰਥਾਂ ’ਤੇ ਰੋਕਥਾਮ ਸਬੰਧੀ ਐਨ.ਡੀ.ਪੀ.ਐਸ. ਕਾਨੂੰਨ ਤਹਿਤ ਸਖ਼ਤ ਕਾਰਵਾਈ ਹੋ ਸਕਦੀ ਹੈ।
ਜ਼ਬਤ ਐਲ.ਐਸ.ਡੀ. ਪੋਲੈਂਡ ਅਤੇ ਨੀਦਰਲੈਂਡ ਤੋਂ ਮੰਗਵਾਇਆ ਗਿਆ ਸੀ ਅਤੇ ਇਹ ਗਰੋਹ ਕ੍ਰਿਪਟੋ ਕਰੰਸੀ ਅਤੇ ਯੂ.ਪੀ.ਆਈ. ਰਾਹੀਂ ਭੁਗਤਾਨ ਕਰਕੇ ਵੱਖੋ-ਵੱਖ ਸੂਬਿਆਂ ’ਚ ਇਸ ਦੀ ਤਸਕਰੀ ਕਰ ਰਿਹਾ ਸੀ। ਇਸ ਨੂੰ ਕੋਰੀਅਰ ਅਤੇ ਡਾਕ ਨੈੱਟਵਰਕ ਰਾਹੀਂ ਭੇਜਿਆ ਜਾਂਦਾ ਸੀ।