ਭਾਜਪਾ ਨਾਲ ਗਠਜੋੜ ਦੀ ਗੱਲ ਟਾਲ ਗਏ ਜਨਤਾ ਦਲ (ਯੂ) ਪ੍ਰਧਾਨ
ਬੇਂਗਲੁਰੂ: ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਕੋਈ ਆਸ਼ਾਵਾਦੀ ਰੁਖ਼ ਜ਼ਾਹਰ ਕੀਤੇ ਬਗ਼ੈਰ ਜਨਤਾ ਦਲ (ਸੈਕੂਲਰ) ਦੇ ਸੁਪਰੀਮੋ ਐਚ.ਡੀ. ਦੇਵਗੌੜਾ ਨੇ ਕਿਹਾ ਕਿ ਉਹ ਇਹ ਨਹੀਂ ਦਸ ਸਕਦੇ ਕਿ ਕਿਹੜੀ ਪਾਰਟੀ ਫ਼ਿਰਕੂ ਹੈ ਅਤੇ ਕਿਹੜੀ ਨਹੀਂ।
ਸਾਬਕਾ ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਕੀ ਦੇਸ਼ ’ਚ ਕੋਈ ਅਜਿਹੀ ਪਾਰਟੀ ਹੈ ਜਿਸ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਿੱਧੇ ਜਾਂ ਅਸਿੱਧੇ ਰੂਪ ’ਚ ਕੋਈ ਸਬੰਧ ਨਹੀਂ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 12 ਜੂਨ ਨੂੰ ਪਟਨਾ ’ਚ ਵਿਰੋਧੀ ਪਾਰਟੀਆਂ ਦੀ ਬੈਠਕ ਸੱਦੀ ਸੀ। ਹੁਣ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿਤਾ ਗਿਆ ਹੈ।
ਮੀਡੀਆ ’ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਜਨਤਾ ਦਲ (ਐਸ) 2023 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਭਾਜਪਾ ਨਾਲ ਗਠਜੋੜ ਕਰੇਗਾ। ਇਸ ਬਾਬਤ ਦੇਵਗੌੜਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਅਜਿਹੀਆਂ ਗੱਲਾਂ ’ਤੇ ਧਿਆਨ ਨਹੀਂ ਦਿੰਦੇ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਕੌਮੀ ਪੱਧਰ ’ਤੇ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਕੋਸ਼ਿਸ਼ ਬਾਰੇ ਇਕ ਸਵਾਲ ’ਤੇ ਦੇਵਗੌੜਾ ਨੇ ਕਿਹਾ, ‘‘ਮੈਂ ਇਸ ਦੇਸ਼ ਦੀ ਸਿਆਸਤ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਕਰ ਸਕਦਾ ਹਾਂ, ਪਰ ਕੀ ਫ਼ਾਇਦਾ? ਮੈਨੂੰ ਇਕ ਅਜਿਹੀ ਪਾਰਟੀ ਵਿਖਾਓ ਜੋ ਸਿੱਧੇ ਜਾਂ ਅਸਿੱਧੇ ਰੂਪ ’ਚ ਭਾਜਪਾ ਨਾਲ ਜੁੜੀ ਨਾ ਹੋਵੇ। ਮੈਨੂੰ ਪੂਰੇ ਦੇਸ਼ ’ਚ ਇਕ ਪਾਰਟੀ ਵਿਖਾਓ, ਤਾਂ ਮੈਂ ਜਵਾਬ ਦੇਵਾਂਗਾ।’’
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਕਾਂਗਰਸ ਦੇ ਕੁਝ ਆਗੂ ਕਹਿ ਸਕਦੇ ਹਨ- ਪਰ ਕੀ ਉਹ ਕਰੁਣਾਨਿਧੀ (ਡੀ.ਐਮ.ਕੇ.) ਕੋਲ ਨਹੀਂ ਗਏ, ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਰੂਪ ’ਚ ਛੇ ਸਾਲਾਂ ਤਕ ਭਾਜਪਾ ਦੀ ਹਮਾਇਤ ਕੀਤੀ ਸੀ।’’
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਲਈ ਮੈਂ ਇਸ ਦੇਸ਼ ’ਚ ਸਿਆਸੀ ਮਾਹੌਲ ’ਤੇ ਚਰਚਾ ਨਹੀਂ ਕਰਨਾ ਚਾਹੁੰਦਾ। ਇਸ ਦੀ ਕੋਈ ਜ਼ਰੂਰਤ ਨਹੀਂ ਹੈ, ਮੈਂ ਇਸ ਨੂੰ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸੰਸਦ ਮੈਂਬਰ ਦੇ ਰੂਪ ’ਚ ਵੇਖਿਆ ਹੈ... ਮਹਾਰਾਸ਼ਟਰ ’ਚ ਕੀ ਹੋਇਆ? ਮੈਂ ਅਜਿਹੀਆਂ ਕਈ ਘਟਨਾਵਾਂ ਦਾ ਜ਼ਿਕਰ ਕਰ ਸਕਦਾ ਹਾਂ।’’
ਇਕੋ ਜਿਹੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੀ ਅਪੀਲ ’ਤੇ ਭਾਜਪਾ ਵਿਰੁਧ ਮੋਰਚਾ ਬਣਾਉਣ ਜਾਂ ਇਸ ’ਚ ਸ਼ਾਮਲ ਹੋਣ ਦੇ ਸਵਾਲ ’ਤੇ ਟਿਪਣੀ ਕਰਦਿਆਂ ਦੇਵਗੌੜਾ ਨੇ ਕਿਹਾ, ‘‘ਕੌਣ ਫ਼ਿਰਕੂ ਹੈ ਅਤੇ ਕੌਣ ਨਹੀਂ, ਮੈਨੂੰ ਨਹੀਂ ਪਤਾ। ਸਭ ਤੋਂ ਪਹਿਲਾਂ ਫ਼ਿਰਕੂ ਅਤੇ ਗ਼ੈਰ-ਫ਼ਿਰਕੂ ਦੀ ਪਰਿਭਾਸ਼ਾ ਤੈਅ ਹੋ ਜਾਵੇ, ਫਿਰ ਬਹੁਤ ਗੁੰਜਾਇਸ਼ ਹੈ।’’