
ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਨਵੀਂ ਕੈਬਨਿਟ ਦੇ ਕਈ ਮੰਤਰੀ ਰਹਿਣਗੇ ਮੌਜੂਦ
Chandrababu Naidu Oath Ceremony : ਤੇਲਗੂ ਦੇਸ਼ਮ ਪਾਰਟੀ (TDP) ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ 12 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਮਾਰੋਹ ਅਮਰਾਵਤੀ ਵਿੱਚ ਹੋਵੇਗਾ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵੀਂ ਕੇਂਦਰੀ ਕੈਬਨਿਟ ਦੇ ਕਈ ਮੰਤਰੀ ਸ਼ਾਮਲ ਹੋਣਗੇ।
ਉਨ੍ਹਾਂ ਨੇ ਪਹਿਲਾਂ 9 ਜੂਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣੀ ਸੀ। ਹਾਲਾਂਕਿ 8 ਜੂਨ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਉਹ 12 ਜੂਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਸੂਤਰਾਂ ਮੁਤਾਬਕ ਨਾਇਡੂ ਸਹੁੰ ਚੁੱਕ ਸਮਾਗਮ ਵਾਲੇ ਦਿਨ ਅਮਰਾਵਤੀ ਨੂੰ ਰਾਜ ਦੀ ਰਾਜਧਾਨੀ ਬਣਾਉਣ ਦਾ ਐਲਾਨ ਕਰ ਸਕਦੇ ਹਨ। 2 ਜੂਨ ਨੂੰ ਹੈਦਰਾਬਾਦ ਨੂੰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਸਾਂਝੀ ਰਾਜਧਾਨੀ ਰੱਖਣ ਲਈ 10 ਸਾਲ ਦਾ ਕੰਟਰੈਕਟ ਖਤਮ ਹੋ ਗਿਆ। ਵਰਤਮਾਨ ਵਿੱਚ ਆਂਧਰਾ ਦੇਸ਼ ਦਾ ਇੱਕੋ ਇੱਕ ਅਜਿਹਾ ਰਾਜ ਹੈ ,ਜਿਸਦੀ ਰਾਜਧਾਨੀ ਨਹੀਂ ਹੈ।
ਦੱਸ ਦੇਈਏ ਕਿ ਚੰਦਰਬਾਬੂ ਨਾਇਡੂ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 1 ਸਤੰਬਰ 1995, 11 ਅਕਤੂਬਰ 1999 ਅਤੇ 8 ਜੂਨ 2014 ਨੂੰ ਤਿੰਨ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 2019 ਵਿੱਚ YSRCP ਦੇ ਪ੍ਰਧਾਨ ਜਗਨ ਮੋਹਨ ਰੈੱਡੀ ਨੇ ਜਿੱਤ ਦਰਜ ਕਰਕੇ ਉਨ੍ਹਾਂ ਤੋਂ ਸੱਤਾ ਖੋਹ ਲਈ ਸੀ।
ਵਿਧਾਨ ਸਭਾ ਚੋਣਾਂ ਵਿੱਚ ਐਨ.ਡੀ.ਏ ਨੇ ਮਾਰੀ ਬਾਜ਼ੀ
ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਟੀਡੀਪੀ ਨੇ ਭਾਜਪਾ ਅਤੇ ਪਵਨ ਕਲਿਆਣ ਦੀ ਜਨਸੇਨਾ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਸਨ। ਟੀਡੀਪੀ ਨੂੰ ਚੋਣਾਂ ਵਿੱਚ 135 ਸੀਟਾਂ ਮਿਲੀਆਂ ਹਨ। ਜਨਸੇਨਾ ਪਾਰਟੀ ਨੂੰ 21 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਨੂੰ 11 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ YSRCP ਨੂੰ 11 ਸੀਟਾਂ ਮਿਲੀਆਂ ਹਨ। ਦੱਸ ਦੇਈਏ ਕਿ ਕਾਂਗਰਸ ਸੂਬੇ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ।