
ਏਅਰ ਇੰਡੀਆ ਕੋਰੋਨਾ ਵਾਇਰਸ ਸੰਕਰਮਣ ਅਤੇ ਤਾਲਾਬੰਦੀ ਕਾਰਨ ਅਮਰੀਕਾ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 36 ਉਡਾਣਾਂ ਚਲਾਏਗੀ।
ਨਵੀਂ ਦਿੱਲੀ, 5 ਜੁਲਾਈ : ਏਅਰ ਇੰਡੀਆ ਕੋਰੋਨਾ ਵਾਇਰਸ ਸੰਕਰਮਣ ਅਤੇ ਤਾਲਾਬੰਦੀ ਕਾਰਨ ਅਮਰੀਕਾ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 36 ਉਡਾਣਾਂ ਚਲਾਏਗੀ। ਜਾਣਕਾਰੀ ਮੁਤਾਬਕ ਇਹ ਉਡਾਣਾਂ ਵੰਦੇ ਭਾਰਤ ਮਿਸ਼ਨ ਤਹਿਤ ਚਲਾਈਆਂ ਜਾਣਗੀਆਂ। ਇਹ ਸਾਰੀਆਂ 36 ਉਡਾਣਾਂ 11 ਤੋਂ 19 ਜੁਲਾਈ ਤਕ ਚਲਣਗੀਆਂ।
6 ਜੁਲਾਈ ਨੂੰ ਅਮਰੀਕਾ ਲਈ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸਮੇਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋਵੇਗੀ। ਇਹ ਬੁਕਿੰਗ ਨਿਊਯਾਰਕ 'ਚ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਉੱਥੇ ਹੀ ਸ਼ਿਕਾਗੋ 'ਚ ਸਵੇਰੇ 9.30 ਵਜੇ ਬੁਕਿੰਗ ਸ਼ੁਰੂ ਹੋਵੇਗੀ ਜਦਕਿ ਸੈਨ ਫ਼ਰਾਂਸਿਸਕੋ 'ਚ ਸਵੇਰੇ 7.30 ਵਜੇ ਬੁਕਿੰਗ ਸ਼ੁਰੂ ਹੋਵੇਗੀ।
File Photo
ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਭਾਰਤ ਨੇ ਕੌਮਾਂਤਰੀ ਉਡਾਣਾਂ ਨੂੰ ਮੁਅੱਤਲ ਕੀਤਾ ਹੋਇਆ ਹੈ। ਅਜਿਹੀ ਸਥਿਤੀ 'ਚ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਤਹਿਤ ਕਈ ਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਵੀ ਹੋਈ ਹੈ। ਹੁਣ ਅਮਰੀਕਾ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਏਅਰ ਇੰਡੀਆ 36 ਜਹਾਜ਼ਾਂ ਦਾ ਸੰਚਾਲਨ ਕਰੇਗੀ। (ਏਜੰਸੀ)
14 ਜੁਲਾਈ ਤਕ ਆਸਟ੍ਰੇਲੀਆ ਲਈ ਕੋਈ ਜਹਾਜ਼ ਸੇਵਾ ਨਹੀਂ
ਨਵੀਂ ਦਿੱਲੀ, 5 ਜੁਲਾਈ : ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ 4 ਜੁਲਾਈ ਤੋਂ 14 ਜੁਲਾਈ ਦੌਰਾਨ ਵੰਦੇ ਭਾਰਤ ਮਿਸ਼ਨ ਤਹਿਤ ਨਿਰਧਾਰਤ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰ ਦਿਤਾ ਗਿਆ ਹੈ। ਏਅਰ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਹਾਲ ਹੀ 'ਚ ਆਸਟ੍ਰੇਲੀਆ 'ਚ ਅੰਤਰਰਾਸ਼ਟਰੀ ਉਡਾਣਾਂ 'ਤੇ ਲਗਾਈਆਂ ਗਈਆਂ ਕੋਰੋਨਾ ਨਾਲ ਸਬੰਧਤ ਪਾਬੰਦੀਆਂ ਕਾਰਨ ਵੰਦੇ ਭਾਰਤ ਮਿਸ਼ਨ ਦੇ ਅਗਲੇ ਪੜਾਅ 'ਚ ਆਉਣ ਵਾਲੇ ਜਹਾਜ਼ਾਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ।
ਰਾਸ਼ਟਰੀ ਵਾਹਕ ਮੁਤਾਬਕ ਸਾਰੀਆਂ ਮੁਲਤਵੀ ਉਡਾਣਾਂ ਹੁਣ 15 ਜੁਲਾਈ ਤੋਂ ਸੰਚਾਲਿਤ ਹੋਣਗੀਆਂ। ਪਿਛਲੇ ਮਹੀਨੇ ਦੇ ਅੰਤ 'ਚ ਏਅਰ ਇੰਡੀਆ ਨੇ ਭਾਰਤ ਤੇ ਆਸਟ੍ਰੇਲੀਆ ਦੌਰਾਨ ਵੰਦੇ ਭਾਰਤ ਮਿਸ਼ਨ ਤਹਿਤ 8 ਜਹਾਜ਼ਾਂ ਦੇ ਸੰਚਾਲਨ ਦਾ ਐਲਾਨ ਕੀਤਾ ਸੀ। ਉਡਾਣਾਂ 1 ਜੁਲਾਈ ਤੋਂ 14 ਜੁਲਾਈ ਤਕ ਸੰਚਾਲਿਤ ਹੋਣ ਵਾਲੀ ਸੀ। ਵਿਦੇਸ਼ ਮੰਤਰਾਲਾ ਵਲੋਂ ਸਾਂਝਾ ਕੀਤੇ ਗਏ ਅੰਕੜਿਆਂ ਮੁਤਾਬਕ ਵੰਦੇ ਭਾਰਤ ਮਿਸ਼ਨ ਦਾ ਚੌਥਾ ਪੜਾਅ 3 ਜੁਲਾਈ ਤੋਂ ਸ਼ੁਰੂ ਹੋਇਆ।
ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 5 ਲੱਖ ਤੋਂ ਜ਼ਿਆਦਾ ਵਿਦੇਸ਼ਾਂ 'ਚ ਫਸੇ ਹੋਏ ਭਾਰਤੀ ਲੋਕ ਵੰਦੇ ਭਾਰਤ ਮਿਸ਼ਨ ਤਹਿਤ 137 ਦੇਸ਼ਾਂ ਤੋਂ ਸੁਰੱਖਿਅਤ ਭਾਰਤ ਪਰਤ ਆਏ ਹਨ। (ਏਜੰਸੀ)