
ਚੀਨੀ ਫ਼ੌਜ ਦੇ ਗਲਵਾਨ ਘਾਟੀ 'ਚੋਂ ਪਿੱਛੇ ਹਟਣ ਦੇ ਮਿਲੇ ਸੰਕੇਤ
ਨਵੀਂ ਦਿੱਲੀ : ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਸਰਹੱਦੀ ਤਣਾਅ 'ਤੇ ਦੁਨੀਆਂ ਭਰ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਕਰੋਨਾ ਮਹਾਮਾਰੀ ਦੀ ਉਤਪਤੀ ਨੂੰ ਲੈ ਕੇ ਚੀਨ ਪਹਿਲਾਂ ਹੀ ਦੁਨੀਆਂ ਦੇ ਨਿਸ਼ਾਨੇ 'ਤੇ ਸੀ, ਉਪਰੋਂ ਅਪਣੇ ਗੁਆਢੀਆਂ ਖ਼ਾਸ ਕਰ ਕੇ ਭਾਰਤ ਖਿਲਾਫ਼ ਮੋਰਚਾ ਖੋਲ੍ਹ ਕੇ ਉਸ ਨੇ ਖੁਦ ਲਈ ਨਵੀਂ ਮੁਸੀਬਤ ਸਹੇੜ ਲਈ ਹੈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਚੀਨ ਖਿਲਾਫ਼ ਲਾਮਬੰਦੀ ਵਿੱਢ ਚੁੱਕੀਆਂ ਹਨ। ਇਸ ਨੂੰ ਵੇਖਦਿਆਂ ਚੀਨ ਦੇ ਤੇਵਰਾਂ ਵਿਚ ਵੀ ਫਰਕ ਵੇਖਣ ਨੂੰ ਮਿਲ ਰਿਹਾ ਹੈ।
Ajit Doval
ਇਸੇ ਦੌਰਾਨ ਭਾਰਤ ਦੇ ਰਾਸ਼ਟਰੀ ਸਲਾਹਕਾਰ ਅਜੀਤ ਡੋਵਾਲ ਦੀ ਐਤਵਾਰ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨਾਲ ਗੱਲਬਾਤ ਹੋਈ। ਵਿਦੇਸ਼ ਮੰਤਰਾਲੇ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਮੌਜੂਦਾ ਹਾਲਾਤ 'ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਹੋਇਆ।
China's Foreign Minister Wang yi
ਡੋਵਾਲ ਅਤੇ ਵੈਂਗ ਯੀ ਵਿਚਕਾਰ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ, ਜਿਸ ਸਮੇਂ ਚੀਨ ਦੀਆਂ ਫ਼ੌਜਾਂ ਨੂੰ ਗਲਵਾਨ ਘਾਟੀ ਦੇ ਕੁੱਝ ਹਿੱਸਿਆਂ ਵਿਚੋਂ ਪਿਛੇ ਹਟਦੇ ਵੇਖਿਆ ਗਿਆ ਹੈ। ਸਰਕਾਰੀ ਸੂਤਰਾਂ ਤੋਂ ਸੋਮਵਾਰ ਨੂੰ ਮਿਲੀ ਇਸ ਤਾਜ਼ਾ ਜਾਣਕਾਰੀ ਮੁਤਾਬਕ ਚੀਨੀ ਫ਼ੌਜ ਦੇ ਪਿੱਛੇ ਹਟਣ ਦਾ ਇਹ ਪਹਿਲਾ ਸੰਕੇਤ ਹੈ ਜਿਸ 'ਚ ਫ਼ੌਜ ਨੂੰ ਤੰਬੂ ਤੇ ਹੋਰ ਢਾਚਿਆਂ ਨੂੰ ਹਟਾਉਂਦੇ ਵੇਖੇ ਗਏ ਹਨ।
Galvan Valley
ਸੂਤਰਾਂ ਮੁਤਾਬਕ ਇਹ ਹਲਚਲ ਦੋਵਾਂ ਪਾਸਿਆਂ ਦੇ ਕੋਰ ਕਮਾਂਡਰਾਂ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਵੇਖੀ ਗਈ ਹੈ, ਜਿਸ ਦੇ ਤਹਿਤ ਚੀਨੀ ਫ਼ੌਜਾਂ ਪਿੱਛੇ ਹਟ ਗਈਆਂ ਹਨ। ਸੂਤਰਾਂ ਮੁਤਾਬਕ ਚੀਨੀ ਫ਼ੌਜ ਨੂੰ ਗਸ਼ਤ ਪੁਆਇੰਟ 14 'ਤੇ ਲਾਏ ਗਏ ਟੈਂਟਾਂ ਅਤੇ ਹੋਰ ਢਾਂਚਿਆਂ ਨੂੰ ਹਟਾਉਂਦੇ ਹੋਏ ਵੀ ਵੇਖਿਆ ਗਿਆ ਹੈ।
Galvan Valley
ਸੂਤਰਾਂ ਮੁਤਾਬਕ ਗੋਗਰਾ ਹੌਟ ਸਪਰਿੰਗ ਖੇਤਰ ਵਿਚ ਵੀ ਚੀਨੀ ਸੈਨਾਂ ਦੇ ਵਾਹਨਾਂ ਦੀਆਂ ਗਤੀਵਿਧੀਆਂ ਵੇਖੀਆਂ ਗਈਆਂ ਹਨ। ਕਾਬਲੇਗੌਰ ਪੂਰਬੀ ਲੱਦਾਖ ਦੇ ਕਈ ਇਲਾਕਿਆਂ ਅੰਦਰ ਪਿਛਲੇ ਅੱਧਾ ਦਰਜਨ ਤੋਂ ਵੱਧ ਹਫ਼ਤਿਆਂ ਤੋਂ ਭਾਰਤੀ ਅਤੇ ਚੀਨੀ ਫ਼ੌਜਾਂ ਆਹਮੋ-ਸਾਹਮਣੇ ਡਟੀਆਂ ਹੋਈਆਂ ਹਨ। ਭਾਰਤ ਵਲੋਂ ਮਿਲੇ ਸਖ਼ਤ ਸੁਨੇਹੇ ਤੋਂ ਬਾਅਦ ਚੀਨ ਦੇ ਤੇਵਰਾਂ 'ਚ ਆਈ ਹਾਲੀਆ ਤਬਦੀਲੀ ਤੋਂ ਬਾਅਦ ਆਉਂਦੇ ਦਿਨਾਂ 'ਚ ਸਰਹੱਦ 'ਤੇ ਤਣਾਅ ਘਟਣ ਦੇ ਅਸਾਰ ਬਣਦੇ ਜਾਪ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।