
ਡੀਪੀਡੀਏ ਨੇ ਡੀਜ਼ਲ 'ਤੇ ਵੈਟ 'ਚ ਕਟੌਤੀ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ : ਤੇਲ ਕੀਮਤਾਂ 'ਚ ਹੋਏ ਬੇਤਹਾਸ਼ਾ ਵਾਧੇ ਨੇ ਜਨਤਾ ਨੂੰ ਹਾਲੋ-ਬੇਹਾਲ ਕੀਤਾ ਹੋਇਆ ਹੈ। ਇਸ ਨੇ ਜਿੱਥੇ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿਤਾ ਹੈ, ਉਥੇ ਹੀ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਿਚਲੇ ਅੰਤਰ ਨੂੰ ਵੀ ਲਗਭਗ ਖ਼ਤਮ ਹੀ ਕਰ ਦਿਤਾ ਹੈ। ਪਹਿਲਾਂ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਘੱਟ ਹੋਣ ਕਾਰਨ ਲੋਕ ਡੀਜ਼ਲ ਗੱਡੀਆਂ ਨੂੰ ਤਰਜੀਹ ਦਿੰਦੇ ਸਨ। ਪਟਰੌਲ ਦੀ ਥਾਂ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਕੀਮਤ ਵੀ ਵਧੇਰੇ ਹੁੰਦੀ ਸੀ, ਪਰ ਹੁਣ ਇਹ ਸਭ ਬੀਤੇ ਦੀ ਗੱਲ ਹੋ ਚੁੱਕਾ ਹੈ।
Petrol Prices
ਪੂਰੇ ਦੇਸ਼ ਅੰਦਰ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਿਚਲਾ ਅੰਤਰ ਬਹੁਤ ਘੱਟ ਰਹਿ ਗਿਆ ਹੈ। ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਉਲਟੀ ਹੀ ਗੰਗਾ ਵਹਿਣੀ ਸ਼ੁਰੂ ਹੋ ਗਈ ਹੈ। ਇੱਥੇ ਡੀਜ਼ਲ ਦੀ ਕੀਮਤ ਪਟਰੌਲ ਤੋਂ ਜ਼ਿਆਦਾ ਹੋ ਗਈ ਹੈ। ਇਸ ਨੂੰ ਲੈ ਕੇ ਪੈਟਰੋਲੀਅਮ ਡੀਲਰਜ਼ ਡਾਢੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਭਾਵੇਂ ਪਿਛਲੇ 6-7 ਦਿਨਾਂ ਤੋਂ ਤੇਲ ਕੀਮਤਾਂ ਇਕ ਥਾਂ ਟਿੱਕੀਆਂ ਹੋਈਆਂ ਹਨ। ਇਸ ਦੌਰਾਨ ਦਿੱਲੀ 'ਚ ਪਟਰੌਲ ਦੀ ਕੀਮਤ 80.43 ਰੁਪਏ ਪ੍ਰਤੀ ਲਿਟਰ ਜਦਕਿ ਡੀਜ਼ਲ ਦੀ ਕੀਮਤ 80.53 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਹੈ।
Petrol Prices
ਇਸੇ ਦੌਰਾਨ ਤੇਲ ਕੀਮਤਾਂ 'ਚ ਵਾਧੇ ਲਈ ਜ਼ਿੰਮੇਵਾਰ ਮੰਨੇ ਜਾਂਦੇ ਵੈਟ ਨੂੰ ਘੱਟ ਕਰਨ ਲਈ ਮੰਗ ਉਠਣੀ ਸ਼ੁਰੂ ਹੋ ਗਈ ਹੈ। ਦਿੱਲੀ ਪਟਰੌਲ ਡੀਲਰਜ਼ ਐਸੋਸੀਏਸ਼ਨ (ਡੀ.ਪੀ.ਡੀ.ਏ.) ਨੇ ਮਾਲੀਆ ਵਧਾਉਣ ਅਤੇ ਮਹਿੰਗਾਈ ਨੂੰ ਘੱਟ ਕਰਨ ਖਾਤਰ ਦਿੱਲੀ ਸਰਕਾਰ ਤੋਂ ਪੈਟਰੋਲੀਅਮ ਵਸਤਾਂ 'ਤੇ ਵੈਟ (ਵੈਲਿਊ ਐਡਿਡ ਟੈਕਸ) 'ਚ ਕਟੌਤੀ ਕਰਨ ਦੀ ਮੰਗ ਕੀਤੀ ਹੈ। ਪਟਰੌਲ ਡੀਲਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਨੇ 5 ਮਈ 2020 ਨੂੰ ਪਟਰੌਲ 'ਤੇ ਵੈਟ 27 ਫ਼ੀ ਸਦੀ ਤੋਂ ਵਧਾ ਕੇ 30 ਫ਼ੀ ਸਦੀ ਕਰ ਦਿਤਾ ਸੀ।
petrol price hiked
ਇਸੇ ਤਰ੍ਹਾਂ ਰਾਜਧਾਨੀ 'ਚ ਡੀਜ਼ਲ 'ਤੇ ਮੌਜੂਦਾ ਵੈਟ 30 ਫ਼ੀ ਸਦੀ ਵਸੂਲਿਆ ਜਾ ਰਿਹਾ ਹੈ ਜੋ ਕਿਸੇ ਸਮੇਂ 16.75 ਫ਼ੀ ਸਦੀ ਹੁੰਦਾ ਸੀ। ਯਾਨੀ ਕਿ ਦਿੱਲੀ ਸਰਕਾਰ ਨੇ ਡੀਜ਼ਲ 'ਤੇ ਵੈਟ ਨੂੰ ਲਗਭਗ ਦੁੱਗਣਾ ਕਰ ਦਿਤਾ ਹੈ, ਜਿਸ ਦੀ ਵਜ੍ਹਾ ਨਾਲ ਰਾਜਧਾਨੀ ਅੰਦਰ ਡੀਜ਼ਲ ਦੀ ਕੀਮਤ ਪਟਰੌਲ ਤੋਂ ਵਧੇਰੇ ਹੋ ਚੁੱਕੀ ਹੈ। ਡੀਪੀਡੀਏ ਮੁਤਾਬਕ ਇਸ ਫ਼ਰਕ ਕਾਰਨ ਰਾਜਧਾਨੀ ਅੰਦਰ ਗੁਆਢੀ ਰਾਜਾਂ ਤੋਂ ਡੀਜ਼ਲ ਦੀ ਸਮਲਿੰਗ ਵੱਧ ਗਈ ਹੈ ਜਿਸ ਕਾਰਨ ਡੀਜ਼ਲ ਤੋਂ ਹੋਣ ਵਾਲੇ ਮਾਲੀਏ ਵਿਚ ਭਾਰੀ ਗਿਰਾਵਟ ਆ ਗਈ ਹੈ।
Petrol Price rise
ਐਸੋਸੀਏਸ਼ਨ ਮੁਤਾਬਕ ਜੂਨ 2020 ਵਿਚ ਦਿੱਲੀ ਵਿਚ ਡੀਜ਼ਲ ਦੀ ਵਿਕਰੀ 'ਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ। ਇਹ ਰਾਸ਼ਟਰੀ ਤੌਰ 'ਤੇ ਔਸਤਨ 18 ਫ਼ੀ ਸਦੀ ਦੀ ਤੁਲਨਾ 'ਚ 64 ਫ਼ੀ ਸਦੀ ਰਹੀ ਜੋ ਬਹੁਤ ਜ਼ਿਆਦਾ ਹੈ। ਸੰਗਠਨ ਮੁਤਾਬਕ ਡੀਜ਼ਲ 'ਤੇ ਰਾਜਧਾਨੀ ਅੰਦਰ ਵੈਟ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਸਾਲਾਨਾ 380 ਕਰੋੜ ਤੋਂ ਵਧੇਰੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਡੀਜ਼ਲ 'ਤੇ ਲੱਗਦੇ ਵੈਟ ਨੂੰ ਤਰਕ-ਸੰਗਤ ਕਰ ਕੇ ਰੋਕਿਆ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।