
ਸਮਾਨ ਦੀ ਢੋਆ-ਢੁਆਈ 'ਚ ਲੱਗੇ ਟਰਾਂਸਪੋਰਟਰਾਂ 'ਤੇ ਦਬਾਅ ਵਧਿਆ
ਨਵੀਂ ਦਿੱਲੀ : ਤੇਲ ਕੀਮਤਾਂ 'ਚ ਵਾਧੇ ਦੇ ਰੁਝਾਨ ਨੇ ਟਰਾਂਸਪੋਰਟਰਾਂ ਨੂੰ ਵੀ ਚਿੰਤਾ 'ਚ ਪਾ ਦਿਤਾ ਹੈ। ਇਹ ਵਾਧਾ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੂਰਤ 'ਚ ਟਰਾਂਸਪੋਰਟਰਾਂ 'ਤੇ ਵੀ ਮਾਲ ਭਾੜੇ 'ਚ ਵਾਧੇ ਦਾ ਦਬਾਅ ਵਧਣਾ ਤੈਅ ਹੈ। ਨਤੀਜੇ ਵਜੋਂ ਆਉਂਦੇ ਦਿਨਾਂ 'ਚ ਲੋਕਾਂ ਨੂੰ ਮਹਿੰਗਾਈ ਦੀ ਦੋਹਰੀ ਮਾਰ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਤੇਲ ਕੀਮਤਾਂ 'ਚ ਲਗਾਤਾਰ ਵਾਧੇ ਕਾਰਲ ਪਿਛਲੇ 15 ਦਿਨਾਂ ਦੌਰਾਨ ਹੀ ਡੀਜ਼ਲ 8.88 ਰੁਪਏ ਤੇ ਪੈਟਰੋਲ 7.97 ਰੁਪਏ ਮਹਿੰਗਾ ਹੋ ਗਿਆ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਨਿਰੰਤਰ ਵਾਧੇ ਕਾਰਨ ਟਰਾਂਸਪੋਰਟਰਾਂ ਦੀ ਲਾਗਤ ਲਗਾਤਾਰ ਵਧ ਰਹੀ ਹੈ। ਇਸ ਕਾਰਨ ਮਹਿੰਗਾਈ ਵਧਣ ਦਾ ਖ਼ਤਰਾ ਬਣ ਗਿਆ ਹੈ। ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਟਰਾਂਸਪੋਰਟਰਾਂ ਦੇ ਖ਼ਰਚੇ ਵੀ ਵਧਾ ਦਿਤੇ ਹਨ।
Petrol, diesel price hike
ਇਹੀ ਕਾਰਨ ਹੈ ਕਿ ਕਈ ਟਰਾਂਸਪੋਰਟਰ ਸੰਸਥਾਵਾਂ ਨੇ ਹੁਣ ਇਸ ਸਬੰਧੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਘੱਟ ਰਹੀ ਹੈ ਉਥੇ ਹੀ ਭਾਰਤ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
Truck operators
ਟਰਾਂਸਪੋਰਟਰਾਂ ਅਨੁਸਾਰ ਡੀਜ਼ਲ ਟਰਾਂਸਪੋਰਟਰਾਂ ਦੀ ਸੰਚਾਲਨ ਲਾਗਤ ਦਾ 65 ਪ੍ਰਤੀਸ਼ਤ ਹੈ। ਦੇਸ਼ ਅੰਦਰ 80 ਫ਼ੀ ਸਦੀ ਛੋਟੇ ਟਰਾਂਸਪੋਰਟਰ ਹਨ ਜੋ ਡੀਜ਼ਲ ਦੀ ਮਹਿੰਗਾਈ ਦਾ ਸਾਹਮਣਾ ਕਰਨ ਤੋਂ ਅਸਮਰੱਥ ਹਨ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਵੱਡੇ ਬੇੜੇ 'ਚ ਵਧੀਆਂ ਕੀਮਤਾਂ ਦਾ ਬੋਝ ਗਾਹਕ 'ਤੇ ਜਲਦੀ ਨਹੀਂ ਪੈਂਦਾ ਪਰ ਦੁੱਧ, ਸਬਜ਼ੀਆਂ ਤੇ ਹੋਰ ਜ਼ਰੂਰੀ ਚੀਜ਼ਾਂ ਲਿਜਾਣ ਵਾਲੇ ਛੋਟੇ ਟਰਾਂਸਪੋਰਟਰਾਂ ਲਈ ਵਧੇ ਹੋਏ ਖ਼ਰਚਿਆਂ ਨੂੰ ਸਹਿਣਾ ਬੜਾ ਮੁਸ਼ਕਲ ਹੁੰਦਾ ਹੈ। ਸਿੱਟੇ ਵਜੋਂ ਤੇਲ ਕੀਮਤਾਂ 'ਚ ਵਾਧੇ ਦਾ ਬੋਝ ਸਿੱਧਾ ਗਾਹਕਾਂ ਤਕ ਪਹੁੰਚਦਾ ਹੈ ਇਸ ਦਾ ਸਿੱਧਾ ਪ੍ਰਭਾਵ ਮਹਿੰਗਾਈ 'ਤੇ ਪੈਂਦਾ ਹੈ।
Oil Price
ਟਰਾਂਸਪੋਰਟਰ ਸੰਗਠਨਾਂ ਅਨੁਸਾਰ ਤੇਲ ਕੀਮਤਾਂ 'ਚ ਵਾਧਾ ਵੀ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਅੰਦਰ ਕਰੋਨਾ ਮਹਾਮਾਰੀ ਕਾਰਨ ਚਾਲੂ ਪਾਬੰਦੀਆਂ ਤਹਿਤ ਅੱਧੇ ਟਰੱਕ ਸੜਕਾਂ ਤੋਂ ਪਹਿਲਾਂ ਹੀ ਉਤਰ ਗਏ ਹਨ। ਇਨ੍ਹਾਂ ਪਾਬੰਦੀਆਂ ਨਾਲ ਅੰਤਰ-ਰਾਸ਼ਟਰੀ ਆਵਾਜਾਈ 'ਤੇ ਮਨਮਾਨੀ ਰਿਕਵਰੀ ਦੇ ਨਾਲ ਆਵਾਜਾਈ ਦੇ ਖ਼ਰਚੇ ਵੀ ਵਧ ਰਹੇ ਹਨ। ਇਸਦਾ ਸਭ ਤੋਂ ਵੱਡਾ ਅਸਰ ਲੰਬੇ ਦੂਰੀ ਤਕ ਸਾਮਾਨ ਪਹੁੰਚਾਉਣ ਵਾਲੇ ਟ੍ਰਕਰਸ 'ਤੇ ਪੈਂਦਾ ਹੈ।
Oil price
ਸਰਕਾਰ ਨੂੰ ਜਲਦੀ ਹੀ ਇਸ ਸਬੰਧ 'ਚ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਲੌਕਡਾਊਨ ਖੁੱਲ੍ਹਣ ਦੇ ਬਾਵਜੂਦ ਆਰਥਿਕ ਗਤੀਵਿਧੀਆਂ ਸੰਚਾਰੂ ਰੂਪ 'ਚ ਨਹੀਂ ਚੱਲ ਸਕਣਗੀਆਂ। ਤੇਲ ਕੀਮਤਾਂ 'ਚ ਵਾਧੇ ਕਾਰਨ ਲੋਕਾਂ 'ਚ ਭਾਰੀ ਨਰਾਜਗੀ ਵੀ ਵੇਖਣ ਨੂੰ ਮਿਲ ਰਹੀ ਹੈ। ਇਸ ਖਿਲਾਫ਼ ਕਾਂਗਰਸ ਸਮੇਤ ਕਈ ਸਿਆਸੀ ਦਲ ਖੁਲ੍ਹ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਈ ਹਨ। ਤੇਲ ਕੀਮਤਾਂ 'ਚ ਵਾਧੇ ਨੂੰ ਰੋਕਣ ਲਈ ਜਲਦੀ ਕਦਮ ਨਾ ਚੁਕੇ ਜਾਣ ਦੀ ਸੂਰਤ 'ਚ ਇਸ ਖਿਲਾਫ਼ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋਣ ਦਾ ਵੀ ਖਦਸ਼ਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।