
ਟੀ.ਐਮ.ਸੀ ਸੰਸਦ ਮੈਂਬਰ ਦਾ ਵਿਵਾਦਤ ਬਿਆਨ
ਨਵੀਂ ਦਿੱਲੀ, 5 ਜੁਲਾਈ : ਪਛਮੀ ਬੰਗਾਲ ਦੇ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਵਿਵਾਦਤ ਬਿਆਨ ਦਿਤਾ ਹੈ। ਸ਼ਨਿਚਰਵਾਰ ਨੂੰ ਟੀਐਸਸੀ ਸੰਸਦ ਮੈਂਬਰ ਨੇ ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ 'ਕਾਲੀ ਨਾਗਿਨ' ਕਹਿ ਕੇ ਸੰਬੋਧਨ ਕੀਤਾ ਸੀ। ਇਕ ਰੈਲੀ ਦੌਰਾਨ ਬੈਨਰਜੀ ਨੇ ਕਿਹਾ ਕਿ ਕਾਲੀ ਨਾਗਿਨ ਦੇ ਕੱਟਣ ਨਾਲ ਜਿਸ ਤਰ੍ਹਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ, ਉਸੇ ਤਰ੍ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਾਰਨ ਲੋਕ ਮਰ ਰਹੇ ਹਨ। ਉਨ੍ਹਾਂ ਅਰਥਵਿਵਸਥਾ ਨੂੰ ਨਸ਼ਟ ਕਰ ਦਿਤਾ ਹੈ।
File Photo
ਇਸ ਨਾਲ ਹੀ ਟੀਐਮਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਹ ਦੇਸ਼ ਦੀ ਸੱਭ ਤੋਂ ਖ਼ਰਾਬ ਵਿੱਤ ਮੰਤਰੀ ਹੈ। ਕਲਿਆਣ ਬੈਨਰਜੀ ਦੇ ਇਸ ਬਿਆਨ ਤੋਂ ਬਾਅਦ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ। ਕਲਿਆਣ ਬੈਨਰਜੀ ਦੇ ਵਿਵਾਦਤ ਬਿਆਨ ਤੋਂ ਬਾਅਦ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਆਗੂ ਸੰਬਿਤ ਪਾਤਰਾ ਨੇ ਕਿਹਾ ਕਿ ਟੀਐਮਸੀ ਸੰਸਦ ਦੇ ਮੈਂਬਰ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ 'ਕਾਲੀ ਨਾਗਿਨ' ਕਿਹਾ ਹੈ ਜੋ ਕਿ ਬੇਹੱਦ ਸ਼ਰਮ ਵਾਲੀ ਗੱਲ ਹੈ।
ਉਹ ਬਿਆਨ ਉਸ ਸੂਬੇ 'ਚ ਦਿਤਾ ਗਿਆ ਹੈ ਜਿਥੇ ਹਰ ਘਰ 'ਚ ਦੇਵੀ ਕਾਲੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ। ਸੰਸਦ ਮੈਂਬਰ ਕਲਿਆਣ ਬੈਨਰਜੀ ਦਾ ਬਿਆਨ ਨਾ ਸਿਰਫ਼ ਨਸਲਵਾਦੀ ਹੈ ਬਲਕਿ ਝੂਠਾ ਵੀ ਹੈ। ਬੰਗਾਲ ਦੇ ਬਾਂਕੁਰਾ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਤੋਂ ਪਹਿਲਾਂ ਇਥੇ ਆਏ ਸਨ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਬਿਹਤਰ ਭਾਰਤ ਬਣਾਉਣਗੇ। ਉਨ੍ਹਾਂ ਅਪਣਾ ਵਾਅਦਾ ਨਿਭਾਇਆ, ਜੀਡੀਪੀ ਗ੍ਰੋਥ ਡਿੱਗ ਕੇ 1 ਫ਼ੀ ਸਦੀ ਹੋ ਗਈ ਹੈ। (ਏਜੰਸੀ)