
ਸ਼ਹਿਰ ਨੂੰ ਸੁਰੱਖਿਅਤ ਰੱਖਣ ਦੇ ਦਾਅਵੇ ਕਰਨ ਵਾਲੀ ਚੰਡੀਗੜ੍ਹ ਪੁਲਿਸ ਖ਼ੁਦ ਕਿਨੀ ਸੁਰੱਖਿਅਤ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ...........
ਚੰਡੀਗੜ੍ਹ : ਸ਼ਹਿਰ ਨੂੰ ਸੁਰੱਖਿਅਤ ਰੱਖਣ ਦੇ ਦਾਅਵੇ ਕਰਨ ਵਾਲੀ ਚੰਡੀਗੜ੍ਹ ਪੁਲਿਸ ਖ਼ੁਦ ਕਿਨੀ ਸੁਰੱਖਿਅਤ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਸ਼ਹਿਰ ਵਿਚ ਚੰਡੀਗੜ੍ਹ ਪੁਲਿਸ ਦੇ ਕਰਮਚਾਰੀਆਂ ਨਾਲ ਕੁੱਟਮਾਰ ਅਤੇ ਬਦਸਲੂਕੀ ਦੇ ਮਾਮਲਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਸੜਕ 'ਤੇ ਡਿਊਟੀ ਕਰ ਰਹੇ ਪੁਲਿਸ ਵਾਲੇ ਨੂੰ ਇਹ ਨਹੀਂ ਪਤਾ ਕਿ ਕਦੋਂ ਕੋਈ ਉਸ ਨਾਲ ਬਦਸਲੂਕੀ ਕਰ ਜਾਵੇ। ਪੁਲਿਸ ਵਿਰੁਧ ਵਧ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਵੀ ਵਧਦੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਮਨਾਂ ਤੋਂ ਖ਼ਾਕੀ ਦਾ ਰੋਹਬ ਖ਼ਤਮ ਹੁੰਦਾ ਜਾ ਰਿਹਾ ਹੈ।
ਇਸ ਸਾਲ ਹੁਣ ਤਕ ਪੁਲਿਸ ਵਾਲਿਆਂ ਨਾਲ ਬਦਸਲੂਕੀ ਕਰਨ ਦੇ ਕਰੀਬ 10 ਮਾਮਲੇ ਸਾਹਮਣੇ ਆ ਚੁਕੇ ਹਨ। ਟ੍ਰੈਫ਼ਿਕ ਪੁਲਿਸ ਸੱਭ ਤੋਂ ਵੱਧ ਗੁੱਸੇ ਦਾ ਸ਼ਿਕਾਰ : ਸੜਕਾਂ 'ਤੇ ਖੜੇ ਟ੍ਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਸੱਭ ਤੋਂ ਵੱਧ ਲੋਕਾਂ ਦੇ ਗੁੱਸੇ ਸ਼ਿਕਾਰ ਹੋਣਾ ਪੈਂਦਾ ਹੈ। ਬੀਤੇ ਮਹੀਨੇ ਸੈਕਟਰ-31 ਵਿਚ ਰਾਤ ਸਮੇਂ ਸ਼ਰਾਬ ਦੇ ਨਾਕੇ ਦੌਰਾਨ ਇਕ ਕਾਰ ਚਾਲਕ ਟ੍ਰੈਫ਼ਿਕ ਕਰਮਚਾਰੀ ਨੂੰ ਟੱਕਰ ਮਾਰ ਕੇ ਨਾਕਾ ਤੋੜ ਕੇ ਫ਼ਰਾਰ ਹੋ ਗਿਆ। ਇਸ ਹਾਦਸੇ ਵਿਚ ਪੁਲਿਸ ਕਰਮਚਾਰੀ ਦੀ ਬਾਂਹ ਟੁੱਟ ਗਈ। ਅਪ੍ਰੈਲ ਵਿਚ ਟ੍ਰੈਫ਼ਿਕ ਨਾਕੇ 'ਤੇ ਹੀ ਇਕ ਕਰਮਚਾਰੀ ਨਾਲ ਇਕ ਨੌਜਵਾਨ ਨੇ ਕੁੱਟਮਾਰ ਕੀਤੀ ਅਤੇ ਉਸ ਦੀ ਵਰਦੀ ਪਾੜ ਦਿਤੀ।
ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਸੀ। ਜੂਨ ਵਿਚ ਸੈਕਟਰ-22 ਵਿਚ ਇਕ ਲੜਕਾ ਅਤੇ ਲੜਕੀ ਵਲੋਂ ਇਕ ਪੁਲਿਸ ਕਰਮਚਾਰੀ ਨਾਲ ਕੁੱਟਮਾਰ ਕਰਨ ਦਾ ਵੀਡੀਉ ਵਾਇਰਲ ਹੋਇਆ ਸੀ, ਜਿਸ ਵਿਚ ਦੋਵੇਂ ਪੁਲਿਸ ਕਰਮਚਾਰ ਨੂੰ ਕੁੱਟ ਰਹੇ ਸਨ। ਹਾਲਾਂਕਿ ਇਸ ਮਾਮਲੇ ਵਿਚ ਕੋਈ ਸ਼ਿਕਾਇਤ ਨਾ ਆਉਣ 'ਤੇ ਮਾਮਲਾ ਦਰਜ ਨਹੀਂ ਹੋਇਆ ਸੀ। ਇਸੇ ਤਰ੍ਹਾਂ ਪਿਛਲੇ ਸਾਲ ਆਈ.ਟੀ. ਪਾਰਕ ਥਾਣਾ ਪੁਲਿਸ ਦੇ ਦੋ ਕਰਮਚਾਰੀਆਂ ਨਾਲ ਸ਼ਰੇਆਮ ਦੋ ਭਰਾਵਾਂ ਨੇ ਕੁੱਟਮਾਰ ਕੀਤੀ। ਦੋਵੇਂ ਭਰਾਵਾਂ ਨੂੰ ਪੁਲਿਸ ਕਿਸ ਮਾਮਲੇ ਵਿਚ ਥਾਣੇ ਲੈ ਕੇ ਜਾ ਰਹੀ ਸੀ। ਰਸਤੇ ਵਿਚ ਦੋਹਾਂ ਭਰਾਵਾਂ ਨੇ ਪੁਲਿਸ ਕਰਮਚਾਰੀਆਂ ਨੂੰ ਕੁੱਟਿਆ।
ਪਿਛਲੇ ਸਾਲ ਹੀ ਸੜਕ ਹਾਦਸੇ ਦੀ ਸੂਚਨਾ 'ਤੇ ਪਹੁੰਚੇ ਸਿਪਾਹੀ ਨਾਲ ਸ਼ਰਾਬ ਦੇ ਨਸ਼ੇ ਵਿਚ ਵਿਅਕਤੀ ਨੇ ਕੁੱਟਮਾਰ ਕੀਤੀ ਅਤੇ ਉਸ ਦੀ ਵਰਦੀ ਤਕ ਪਾੜ ਦਿਤੀ। ਜ਼ਖ਼ਮੀ ਹੋਏ ਸਿਪਾਹੀ ਮਹਾਵੀਰ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਕੁੱਝ ਸਮਾਂ ਪਹਿਲਾਂ ਆਈ.ਟੀ. ਪਾਰਕ ਵਿਚ ਚੰਡੀਗੜ੍ਹ ਪੁਲਿਸ ਦੇ ਇਕ ਇੰਸਪੈਕਟਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣਾ ਆਇਆ ਸੀ। ਸਾਲ 2016 ਦੌਰਾਨ ਪੁਲਿਸ ਨਾਲ ਕੁੱਟਮਾਰ ਕਰਨ ਦੇ 30 ਮਾਮਲੇ ਦਰਜ ਕੀਤੇ ਗਏ ਸਨ। ਸਾਲ 2015 ਵਿਚ 44 ਅਤੇ 2014 ਵਿਚ 45 ਮਾਮਲੇ ਪੁਲਿਸ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਦੇ ਦਰਜ ਕੀਤੇ ਗਏ ਸਨ।
ਸਾਲ 2017 ਵਿਚ, ਜਿਸ ਵਿਚ ਪੁਲਿਸ ਕਰਮਚਾਰੀਆਂ ਨਾਲ ਬਦਸਲੂਕੀ, ਕੁੱਟਮਾਰ ਅਤੇ ਉਨ੍ਹਾਂ ਦੀ ਵਰਦੀ ਨੂੰ ਵੀ ਹੱਥ ਪਾਇਆ ਗਿਆ ਸੀ। ਇਸੇ ਸਾਲ 10 ਮਈ ਨੂੰ ਪੁਲਿਸ ਕੰਟਰੋਲ ਰੂਮ ਵਿਚ ਤੈਨਾਤ ਦੋ ਪੁਲਿਸ ਕਰਮਚਾਰੀਆਂ ਨਾਲ ਬਡਹੇੜੀ ਵਿਚ ਕੁੱਟਮਾਰ ਅਤੇ ਵਰਦੀ ਪਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਕੁੱਟਮਾਰ ਦੇ ਸ਼ਿਕਾਰ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਵਾਪਰ ਜਾਣ 'ਤੇ ਕਈ ਵਾਰੀ ਵਿਭਾਗ ਹੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ। ਕਈ ਵਾਰੀ ਮੁਲਜ਼ਮ ਵਿਅਕਤੀ ਮਾਨਸਕ ਤੌਰ 'ਤੇ ਬੀਮਾਰ ਹੁੰਦਾ ਹੈ। ਅਜਿਹੀ ਘਟਨਾ ਵਿਚ ਅਧਿਕਾਰੀ ਵੀ ਕੋਈ ਕਦਮ ਚੁੱਕਣ ਤੋ ਗੁਰੇਜ਼ ਕਰਦੇ ਹਨ।
ਰਾਤ ਸਮੇਂ ਪੁਲਿਸ ਕਰਮਚਾਰੀ ਖ਼ੁਦ ਨਹੀਂ ਸੁਰੱਖਿਅਤ : ਪੁਲਿਸ ਕਰਮਚਾਰੀਆਂ ਨਾਲ ਹੋਈ ਕੁੱਟਮਾਰ ਅਤੇ ਬਦਸਲੂਕੀ ਦੀ ਘਟਨਾਵਾਂ ਜ਼ਿਆਦਾਤਰ ਰਾਤ ਸਮੇਂ ਵਾਪਰੀਆਂ ਹਨ। ਇਸ ਵਿਚ ਜ਼ਿਆਦਾਤਰ ਲੋਕ ਸ਼ਰਾਬ ਦੇ ਨਸ਼ੇ ਵਿਚ ਸਨ ਅਤੇ ਉਨ੍ਹਾਂ ਪਹਿਲਾਂ ਪੁਲਿਸ ਨਾਲ ਝਗੜਾ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਦੀ ਵਰਦੀ ਪਾੜ ਦਿਤੀ। ਟ੍ਰੈਫ਼ਿਕ ਪੁਲਿਸ ਵਲੋਂ ਰਾਤ ਸਮੇਂ ਲਗਾਏ ਜਾਣ ਵਾਲੇ ਨਾਕਿਆਂ ਵਿਚ ਵੀ ਪੁਲਿਸ ਨੂੰ ਰੋਜ਼ਾਨਾ ਹੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਕਈ ਵਾਰ ਤਾਂ ਨੌਬਤ ਮਾਰ-ਕੁੱਟਾਈ ਤਕ ਪਹੁੰਚ ਜਾਂਦੀ ਹੈ।
ਪੁਲਿਸ ਨੇ ਪਿਛਲੇ ਸਾਲ ਮਈ ਵਿਚ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਔਰਤਾਂ ਨੂੰ ਜਦੋਂ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਵਲੋਂ ਲਾਲ ਬੱਤੀ ਟੱਪਣ 'ਤੇ ਰੋਕਿਆ ਤਾਂ ਸ਼ਰਾਬ ਦੇ ਨਸ਼ੇ ਵਿਚ ਦੋਹਾਂ ਔਰਤਾਂ ਨੇ ਟ੍ਰੈਫ਼ਿਕ ਪੁਲਿਸ ਵਾਲੇ ਨਾਲ ਬਦਸਲੂਕੀ ਕੀਤੀ ਅਤੇ ਉਸ ਦੀ ਵਰਦੀ ਪਾੜ ਦਿਤੀ। ਦੋਹਾਂ ਔਰਤਾਂ ਨੂੰ ਜਦੋਂ ਅਦਾਲਤ ਵਿਚ ਪੇਸ਼ ਕੀਤਾ ਤਾਂ ਪਤਾ ਲੱਗਾ ਕਿ ਮੁਲਜ਼ਮ ਔਰਤਾਂ ਵਿਚੋਂ ਇਕ ਦਾ ਦੋ ਦਿਨ ਬਾਅਦ ਵਿਆਹ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ।