ਲੱਖਾਂ ਲੋਕ ਬੇਰੁਜ਼ਗਾਰ, ਕਰਜ਼ਾ ਚੁੱਕ ਕੇ ਚਲਾ ਰਹੇ ਨੇ ਘਰ
ਅਮਰੀਕਾ ਦੀ ਫ਼ੈਡਰਲ ਸਰਕਾਰ ਬੁੱਧਵਾਰ ਨੂੰ 36ਵੇਂ ਦਿਨ ਵੀ ਠੱਪ ਰਹੀ, ਜੋ ਦੇਸ਼ ਦੇ ਇਤਿਹਾਸ ’ਚ ਹੁਣ ਤਕ ਇਸ ਤਰ੍ਹਾਂ ਦੇ ਸੱਭ ਤੋਂ ਲੰਬੇ ਗਤੀਰੋਧ ਦਾ ਰਿਕਾਰਡ ਹੈ। ਸ਼ਟਡਾਊਨ ਕਾਰਨ 4.2 ਕਰੋੜ ਲੋਕਾਂ ਦੀ ਫੂਡ ਸਟੈਂਪ (ਐਸ.ਐਨ.ਏ.ਪੀ.) ਸਹਾਇਤਾ ਰੁਕ ਗਈ ਹੈ। ਭਾਵ ਕਰੋੜਾਂ ਲੋਕਾਂ ਦਾ ਰਾਸ਼ਨ ਬੰਦ ਹੋ ਗਿਆ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਕੋਲ ਇਸ ਪ੍ਰੋਗਰਾਮ ਲਈ ਸਿਰਫ਼ 5 ਅਰਬ ਡਾਲਰ ਦਾ ਰਿਜ਼ਰਵ ਫੰਡ ਹੈ ਜਦਕਿ ਨਵੰਬਰ ਵਿਚ ਫੂਡ ਸਟੈਂਪ ਜਾਰੀ ਰੱਖਣ ਲਈ 9.2 ਅਰਬ ਡਾਲਰ ਦੀ ਜ਼ਰੂਰਤ ਪਵੇਗੀ। '
ਸੂਤਰਾਂ ਮੁਤਾਬਕ ਹੁਣ ਤੱਕ 6.7 ਲੱਖ ਸਰਕਾਰੀ ਕਰਮਚਾਰੀ ਛੁੱਟੀ ’ਤੇ ਭੇਜੇ ਜਾ ਚੁੱਕੇ ਹਨ ਜਦਕਿ 7.3 ਲੱਖ ਕਰਮਚਾਰੀ ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਹਨ। ਇਸ ਤਰ੍ਹਾਂ ਲਗਭਗ 14 ਲੱਖ ਲੋਕ ਕਰਜ਼ਾ ਲੈ ਕੇ ਘਰ ਚਲਾ ਰਹੇ ਹਨ। ਇਸ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਕਾਂਗਰਸ ਵਲੋਂ ਬਜਟ ਨੂੰ ਮਨਜ਼ੂਰੀ ਨਹੀਂ ਦਿਤੇ ਜਾਣ ਕਾਰਨ ਫ਼ੈਡਰਲ ਪ੍ਰੋਗਰਾਮਾਂ ’ਚ ਕਟੌਤੀ, ਉਡਾਣ ’ਚ ਦੇਰੀ ਅਤੇ ਦੇਸ਼ ਭਰ ’ਚ ਫ਼ੈਡਰਲ ਕਰਮਚਾਰੀਆਂ ਦੀ ਤਨਖ਼ਾਹ ਭੁਗਤਾਨ ਠੱਪ ਹੋ ਗਈ ਹੈ ਅਤੇ ਇਸ ਨਾਲ ਲੱਖਾਂ ਅਮਰੀਕੀਆਂ ਦਾ ਜੀਵਨ ਪ੍ਰਭਾਵਿਤ ਹੋ ਗਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਸ ਨਾਲ ਉਨ੍ਹਾਂ ਦੀਆਂ ਮੰਗਾਂ ’ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿਤਾ ਹੈ। ਵਿਰੋਧੀ ਧਿਰ ਡੈਮੋਕ੍ਰੇਟ ਪਾਰਟੀ ਸਿਹਤ ਬੀਮਾ ਸਬਸਿਡੀ ਨੂੰ ਖ਼ਤਮ ਕਰਨ ਦੀ ਯੋਜਨਾ ਨੂੰ ਠੰਢੇ ਬਸਤੇ ’ਚ ਪਾਉਣ ਦੀ ਮੰਗ ਕਰ ਰਹੀ ਹੈ ਅਤੇ ਜਦੋਂ ਤਕ ਇਹ ਪੂਰਾ ਨਹੀਂ ਹੁੰਦਾ ਕਾਂਗਰਸ (ਸੰਸਦ) ’ਚ ਬਜਟ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿਤਾ ਹੈ। ਟਰੰਪ ਦੇ ਪਹਿਲੇ ਕਾਰਜਕਾਲ ’ਚ ਫ਼ੈਡਰਲ ਸਰਕਾਰ ਦੇ ਠੱਪ ਹੋਣ ਦਾ ਪਿਛਲਾ ਰਿਕਾਰਡ ਬਣਿਆ ਸੀ। ਉਸ ਸਮੇਂ ਮੈਕਸੀਕੋ ਦੀ ਸਰਹੱਦ ’ਤੇ ਸੁਰੱਖਿਆ ਦੀਵਾਰ ਲਈ ਪੈਸੇ ਮੁਹਈਆ ਕਰਵਾਉਣ ਨੂੰ ਲੈ ਕੇ ਗਤੀਰੋਧ ਬਣਿਆ ਸੀ ਅਤੇ ਫ਼ੈਡਰਲ ਸਰਕਾਰ ਕਰੀਬ 35 ਦਿਨਾਂ ਤਕ ਠੱਪ ਰਹੀ ਸੀ।
