
Nirmala Sitharaman News: ਉਨ੍ਹਾਂ ਕਿਹਾ,‘‘ਅਸੀਂ ਤਾਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਹਾਂ ਪਰ ਕੋਈ ਵੀ ਪੈਸਾ ਲੈਣ ਹੀ ਨਹੀਂ ਆ ਰਿਹਾ।
Nirmala Sitharaman News: ਕੇਂਦਰੀ ਵਿੱਤ ਮੰਤਰੀ ਨੇ ਅੱਜ ਲੋਕ ਸਭਾ ’ਚ ਕਿਹਾ ਹੈ ਕਿ ਪਰਲ ਗਰੁਪ ਦੀਆਂ ਜਾਇਦਾਦਾਂ ਕੁਰਕ ਕਰ ਕੇ ਜਿਹੜਾ ਪੈਸਾ ਸਰਕਾਰ ਨੂੰ ਮਿਲ ਰਿਹਾ ਹੈ, ਉਹ ਆਮ ਜਨਤਾ ਨੂੰ ਜ਼ਰੂਰ ਮੋੜਿਆ ਜਾਵੇਗਾ। ਉਨ੍ਹਾਂ ਕਿਹਾ,‘‘ਅਸੀਂ ਤਾਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਹਾਂ ਪਰ ਕੋਈ ਵੀ ਪੈਸਾ ਲੈਣ ਹੀ ਨਹੀਂ ਆ ਰਿਹਾ।’’ ਉਨ੍ਹਾਂ ਇਹ ਗੱਲ ਪਟਿਆਲਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਪੁਛੇ ਸੁਆਲ ਦੇ ਜੁਆਬ ’ਚ ਆਖੀ। ਡਾ. ਗਾਂਧੀ ਨੇ ਅੱਜ ਸਦਨ ’ਚ ਪਰਲ ਗਰੁਪ ਦਾ ਮੁੱਦਾ ਉਠਾਉਂਦਿਆਂ ਆਖਿਆ ਸੀ ਕਿ ਜਸਟਿਸ ਲੋਢਾ ਕਮੇਟੀ ਨੇ ਪਰਲ ਗਰੁਪ ਦੀਆਂ 50 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ ਉਸ ਦਾ ਪੈਸਾ ਹਾਲੇ ਤਕ ਲੋਕਾਂ ਨੂੰ ਵਾਪਸ ਕਿਉਂ ਨਹੀਂ ਕੀਤਾ ਗਿਆ?
ਜਵਾਬ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਰਲ ਐਗਰੋ ਤੋਂ 1017 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁਕੱਦਮੇਬਾਜ਼ੀਆਂ ਕਾਰਨ ਕਈ ਜਾਇਦਾਦਾਂ ਦੀ ਨਿਲਾਮੀ ਨਹੀਂ ਹੋ ਸਕੀ। ਵਿੱਤ ਮੰਤਰੀ ਨੇ ਵਾਦੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਰਕਾਰ ਕਾਗ਼ਜ਼ਾਂ ਦੇ ਆਧਾਰ ’ਤੇ ਨਿਲਾਮੀ ਨਹੀਂ ਕਰ ਸਕਦੀ ਜੋ ਵੀ ਦੇਣਾ ਹੈ, ਉਹ ਜਾਇਦਾਦਾਂ ਦੀ ਨਿਲਾਮੀ ਕਰ ਕੇ ਹੀ ਦੇਣਾ ਹੈ।
ਇਥੇ ਵਰਨਣਯੋਗ ਹੈ ਕਿ ਸਹਾਰਾ ਦੇ ਨਿਵੇਸ਼ਕਾਂ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਸ਼ੱਕ ਦੇ ਘੇਰੇ ’ਚ ਹੈ। ਅੱਜ ਇਸ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਹਾਰਾ ਦਾ ਸਾਰਾ ਮਾਮਲਾ ਇਸ ਵੇਲੇ ਸੁਪਰੀਮ ਕੋਰਟ ਦੇ ਜ਼ੇਰੇ ਸੁਣਵਾਈ ਹੈ।