ਕਿਹਾ, ਮੀਡੀਆ ਰੀਪੋਰਟਾਂ ਵਿਚ ਉਸ ਦੇ ਨਤੀਜਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ
ਨਵੀਂ ਦਿੱਲੀ: ਚੋਣ ਸੁਧਾਰਾਂ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਨੇ ਕਿਹਾ ਹੈ ਕਿ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੇ ਵੋਟਰਾਂ ਦੇ ਅੰਕੜਿਆਂ ’ਚ ਕਥਿਤ ਅੰਤਰ ’ਤੇ ਉਸ ਦੀ ਤਾਜ਼ਾ ਰੀਪੋਰਟ ਇਕ ਹੋਰ ਫੋਰਮ ‘ਵੋਟ ਫਾਰ ਡੈਮੋਕ੍ਰੇਸੀ’ (ਵੀ.ਐੱਫ.ਡੀ.) ਵਲੋਂ ਜਾਰੀ ਕੀਤੀ ਗਈ ਰੀਪੋਰਟ ਤੋਂ ਵੱਖਰੀ ਹੈ।
ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਏ.ਡੀ.ਆਰ. ਨੇ ਕਿਹਾ ਕਿ ਉਸ ਦੀ ਰੀਪੋਰਟ ਵਿਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਸ਼ੁਰੂਆਤੀ ਵੋਟਿੰਗ ਅਤੇ ਅੰਤਿਮ ਵੋਟਿੰਗ ਵਿਚਾਲੇ ਅੰਤਰ ਨੇ ਸੱਤਾਧਾਰੀ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੀ ਮਦਦ ਕੀਤੀ ਹੈ।
ਏ.ਡੀ.ਆਰ. ਨੇ ਕਿਹਾ ਕਿ ਇਸ ਵਿਸ਼ੇ ’ਤੇ ਮੀਡੀਆ ਰੀਪੋਰਟਾਂ ਵਿਚ ਉਸ ਦੇ ਨਤੀਜਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ ਅਤੇ ਸੰਭਵ ਤੌਰ ’ਤੇ ਗਲਤੀ ਨਾਲ ਵੀਐਫਡੀ ਰੀਪੋਰਟ ਦੇ ਨਤੀਜਿਆਂ ਨੂੰ ਏ.ਡੀ.ਆਰ. ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਏ.ਡੀ.ਆਰ. ਈ.ਵੀ.ਐਮ. ਅਤੇ ਵੋਟਿੰਗ ਡੇਟਾ ਦੀ ਵਰਤੋਂ ’ਤੇ ਚਿੰਤਾ ਜ਼ਾਹਰ ਕਰ ਰਿਹਾ ਹੈ। ਸੰਸਦੀ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੇਪਰ ਬੈਲਟ ਪ੍ਰਣਾਲੀ ਦੀ ਵਾਪਸੀ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿਤਾ ਸੀ ਕਿ ਇਹ ਵੋਟਰਾਂ ਦੇ ਮਨਾਂ ਵਿਚ ਬੇਲੋੜੇ ਸ਼ੱਕ ਪੈਦਾ ਕਰ ਕੇ ਚੋਣ ਪ੍ਰਕਿਰਿਆ ਨੂੰ ਪਟੜੀ ਤੋਂ ਉਤਾਰ ਦੇਵੇਗਾ।