
9 ਸਾਲਾਂ 'ਚ ਲੋਕਾਂ ਨੂੰ ਮਿਲਿਆ ਸਭ ਤੋਂ ਵੱਧ ਰੁਜ਼ਗਾਰ
CMIE claims: Unemployment lowest in 34 months - ਨਵੀਂ ਦਿੱਲੀ : ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਕਿਰਤ ਸ਼ਕਤੀ ਹਿੱਸੇਦਾਰੀ ’ਚ ਹੋਈ ਵਾਧੇ ਕਾਰਨ, ਜੁਲਾਈ ਵਿੱਚ ਬੇਰੁਜ਼ਗਾਰੀ ਦਰ 7% ਤੋਂ ਹੇਠਾਂ ਆ ਗਈ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੁਲਾਈ ਵਿੱਚ 43.3 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ।
ਕਿਰਤ ਸ਼ਕਤੀ ਦੀ ਭਾਗੀਦਾਰੀ ਵਧਣ ਕਾਰਨ, ਦੇਸ਼ ਵਿੱਚ ਬੇਰੁਜ਼ਗਾਰੀ ਦਰ ਜੁਲਾਈ 2025 ਵਿੱਚ 34 ਮਹੀਨਿਆਂ ਦੇ ਹੇਠਲੇ ਪੱਧਰ 6.8 ਪ੍ਰਤੀਸ਼ਤ ’ਤੇ ਆ ਗਈ। ਇਹ 34 ਮਹੀਨਿਆਂ ਵਿੱਚ ਦੂਜਾ ਮੌਕਾ ਹੈ ਜਦੋਂ ਇਹ ਦਰ ਸੱਤ ਪ੍ਰਤੀਸ਼ਤ ਤੋਂ ਹੇਠਾਂ ਰਹੀ। ਇਸ ਤੋਂ ਪਹਿਲਾਂ ਮਈ 2025 ਵਿੱਚ, ਬੇਰੁਜ਼ਗਾਰੀ ਦਰ ਪਹਿਲੀ ਵਾਰ ਸੱਤ ਪ੍ਰਤੀਸ਼ਤ ਤੋਂ ਹੇਠਾਂ 6.9 ਪ੍ਰਤੀਸ਼ਤ ਸੀ।
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੀ ਰਿਪੋਰਟ ਅਨੁਸਾਰ, ਪਿਛਲੇ ਮਹੀਨੇ ਕੁੱਲ 43.3 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ। ਇਹ ਗਿਣਤੀ ਜਨਵਰੀ 2016 ਤੋਂ ਬਾਅਦ 9 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ, ਅਪ੍ਰੈਲ 2025 ਵਿੱਚ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ 43.2 ਕਰੋੜ ਸੀ। ਹਾਲਾਂਕਿ, ਜੂਨ ਵਿੱਚ ਇਹ ਗਿਣਤੀ ਘੱਟ ਕੇ 42.6 ਕਰੋੜ ਰਹਿ ਗਈ। ਪਰ ਜੁਲਾਈ ਦੇ ਅੰਕੜੇ ਦਰਸਾਉਂਦੇ ਹਨ ਕਿ ਰੁਜ਼ਗਾਰ ਵਿੱਚ ਤੇਜ਼ੀ ਨਾਲ ਸੁਧਾਰ ਦਰਜ ਕੀਤਾ ਗਿਆ ਹੈ।
ਰਿਪੋਰਟ ਦੇ ਅਨੁਸਾਰ ਬੇਰੁਜ਼ਗਾਰੀ ਦਰ ਨੂੰ ਘਟਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਕਿਰਤ ਭਾਗੀਦਾਰੀ ਦਰ (ਐਲਪੀਆਰ) ਜੁਲਾਈ ਵਿੱਚ ਵਧ ਕੇ 41.5 ਪ੍ਰਤੀਸ਼ਤ ਹੋ ਗਈ। ਜੂਨ ਵਿੱਚ ਇਹ 41.3 ਪ੍ਰਤੀਸ਼ਤ ਰਹਿ ਗਈ ਸੀ। ਇਸ ਸਮੇਂ ਦੌਰਾਨ ਰੁਜ਼ਗਾਰ ਦੀ ਭਾਲ ਵਿੱਚ 30 ਲੱਖ ਵਾਧੂ ਲੋਕ ਕਿਰਤ ਬਾਜ਼ਾਰ ਵਿੱਚ ਸ਼ਾਮਲ ਹੋਏ।
ਰੁਜ਼ਗਾਰ ’ਚ 64 ਲੱਖ ਦਾ ਵਾਧਾ ਹੋਇਆ, ਬੇਰੁਜ਼ਗਾਰਾਂ ’ਚ 33 ਲੱਖ ਦੀ ਕਮੀ ਆਈ
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਵੇਂ ਜੁਲਾਈ ਵਿੱਚ 30 ਲੱਖ ਵਾਧੂ ਲੋਕ ਕਿਰਤ ਬਾਜ਼ਾਰ ਵਿੱਚ ਸ਼ਾਮਲ ਹੋਏ, ਪਰ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ ਵਿੱਚ 64 ਲੱਖ ਦਾ ਵਾਧਾ ਹੋਇਆ। ਇਸਦਾ ਮਤਲਬ ਹੈ ਕਿ ਕਿਰਤ ਬਾਜ਼ਾਰ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲਿਆ, ਪਰ ਬੇਰੁਜ਼ਗਾਰਾਂ ਦੀ ਸੂਚੀ ਵਿੱਚ ਸ਼ਾਮਲ ਬਹੁਤ ਸਾਰੇ ਲੋਕਾਂ ਨੂੰ ਵੀ ਕੰਮ ਮਿਲਿਆ। ਇਸ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ 33 ਲੱਖ ਦੀ ਗਿਰਾਵਟ ਆਈ। ਹਾਲੀਆ ਕਿਰਤ ਬਾਜ਼ਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਰੁਜ਼ਗਾਰ ਦੀ ਦਰ ਕੰਮਕਾਜੀ ਉਮਰ ਦੀ ਆਬਾਦੀ ਦੇ ਵਾਧੇ ਨਾਲੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਔਸਤ ਮਾਸਿਕ ਬੇਰੁਜ਼ਗਾਰੀ ਵਿੱਚ ਵੀ ਗਿਰਾਵਟ ਆਈ ਹੈ
ਮੌਜੂਦਾ ਵਿੱਤੀ ਸਾਲ 2025-26 ਦੀ ਸ਼ੁਰੂਆਤ ਤੋਂ ਦੇਸ਼ ਵਿੱਚ ਔਸਤ ਮਾਸਿਕ ਬੇਰੁਜ਼ਗਾਰੀ ਦਰ 7.2 ਪ੍ਰਤੀਸ਼ਤ ਰਹੀ ਹੈ। ਇਹ ਪਿਛਲੇ ਦੋ ਵਿੱਤੀ ਸਾਲਾਂ 2023-24 ਅਤੇ 2024-25 ਵਿੱਚ ਦਰਜ ਕੀਤੀ ਗਈ ਔਸਤ 8.1 ਪ੍ਰਤੀਸ਼ਤ ਦਰ ਨਾਲੋਂ ਬਹੁਤ ਘੱਟ ਹੈ। ਇਹ 2024-25 ਦੀ ਆਖਰੀ ਤਿਮਾਹੀ ਵਿੱਚ 7.8 ਪ੍ਰਤੀਸ਼ਤ ਦੀ ਅਨੁਮਾਨਿਤ ਬੇਰੁਜ਼ਗਾਰੀ ਦਰ ਤੋਂ ਵੀ ਘੱਟ ਹੈ। ਯਾਨੀ ਕਿ ਬੇਰੁਜ਼ਗਾਰੀ ਦਰ ਘਟ ਰਹੀ ਹੈ।
ਦੋ ਸਾਲਾਂ ਬਾਅਦ ਕਿਰਤ ਬਾਜ਼ਾਰਾਂ ਵਿੱਚ ਤੇਜ਼ੀ ਨਾਲ ਹੋਇਆ ਸੁਧਾਰ
ਕੋਰੋਨਾ ਦੌਰਾਨ ਤਾਲਾਬੰਦੀ ਤੋਂ ਠੀਕ ਪਹਿਲਾਂ ਰੁਜ਼ਗਾਰ ਦਰ 40 ਪ੍ਰਤੀਸ਼ਤ ਤੋਂ ਵੱਧ ਸੀ। 2022-23 ਵਿੱਚ ਸੁਧਾਰ ਸ਼ੁਰੂ ਹੋਣ ਤੋਂ ਪਹਿਲਾਂ ਇਹ 36.4 ਪ੍ਰਤੀਸ਼ਤ ਦੇ ਹੇਠਲੇ ਪੱਧਰ ’ਤੇ ਆ ਗਈ। ਇਹ 2023-24 ਵਿੱਚ ਵਧ ਕੇ 37.1 ਪ੍ਰਤੀਸ਼ਤ ਅਤੇ 2024-25 ਵਿੱਚ 37.8 ਪ੍ਰਤੀਸ਼ਤ ਹੋ ਗਈ। 2025-26 ਵਿੱਚ ਹੁਣ ਤੱਕ ਰੁਜ਼ਗਾਰ ਦਰ 38 ਪ੍ਰਤੀਸ਼ਤ ਤੋਂ ਵੱਧ ਰਹੀ ਹੈ। ਸੀਐਮਆਈਈ ਦੇ ਖਪਤਕਾਰ ਪਿਰਾਮਿਡ ਘਰੇਲੂ ਸਰਵੇਖਣ ਤੋਂ ਉਪਲਬਧ ਕਿਰਤ ਅੰਕੜੇ ਦਰਸਾਉਂਦੇ ਹਨ ਕਿ ਦੋ ਸਾਲਾਂ ਦੇ ਲਗਾਤਾਰ ਸੁਧਾਰ ਤੋਂ ਬਾਅਦ, ਕਿਰਤ ਬਾਜ਼ਾਰਾਂ ਵਿੱਚ 2025-26 ਵਿੱਚ ਚੰਗੀ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ।
ਇਸ ਸਾਲ ਐਲਪੀਆਰ ਅਤੇ ਬੇਰੁਜ਼ਗਾਰੀ ਦਰ
ਮਹੀਨਾ ਕਿਰਤ ਹਿੱਸੇਦਾਰੀ ਬੇਰੁਜ਼ਗਾਰੀ
ਜਨਵਰੀ 41.12 7.79
ਫਰਵਰੀ 41.30 8.17
ਮਾਰਚ 40.75 7.63
ਅਪ੍ਰੈਲ 42.13 7.73
ਮਈ 41.40 6.90
ਜੂਨ 41.30 7.54
ਜੁਲਾਈ 41.50 6.8 (ਦਰ ਫੀਸਦੀ ਵਿਚ ਹੈ)