
ਅਮਰੀਕਾ ਨੂੰ ਸਿਰਫ 8.1 ਅਰਬ ਡਾਲਰ ਦਾ ਨਿਰਯਾਤ ਪ੍ਰਭਾਵਤ ਹੋ ਸਕਦਾ ਹੈ।
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤੀ ਵਸਤਾਂ ਉਤੇ 25 ਫੀ ਸਦੀ ਟੈਰਿਫ ਲਗਾਉਣ ਦੇ ਐਲਾਨ ਦਾ ਦੇਸ਼ ਦੀ ਜੀ.ਡੀ.ਪੀ. ਉਤੇ ‘ਨਾਮਾਤਰ’ ਅਸਰ ਪਵੇਗਾ ਕਿਉਂਕਿ ਅਮਰੀਕਾ ਨੂੰ ਸਿਰਫ 8.1 ਅਰਬ ਡਾਲਰ ਦਾ ਨਿਰਯਾਤ ਪ੍ਰਭਾਵਤ ਹੋ ਸਕਦਾ ਹੈ। ਅਮਰੀਕਾ ਵਲੋਂ ਐਲਾਨੇ ਗਏ ਟੈਰਿਫ 7 ਅਗੱਸਤ, 2025 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।
ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ.) ਵਲੋਂ ਜਾਰੀ ਪੇਪਰ ਵਿਚ ਅਮਰੀਕੀ ਟੈਰਿਫ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਈ ਉਪਾਵਾਂ ਦੀ ਸਿਫਾਰਸ਼ ਕੀਤੀ ਗਈ ਹੈ। ਪੀ.ਐਚ.ਡੀ.ਸੀ.ਸੀ.ਆਈ. ਦੇ ਪ੍ਰਧਾਨ ਹੇਮੰਤ ਜੈਨ ਨੇ ਕਿਹਾ, ‘‘ਸਾਡਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਮਰੀਕਾ ਵਲੋਂ ਭਾਰਤ ਉਤੇ ਐਲਾਨੇ ਗਏ 25 ਫੀ ਸਦੀ ਟੈਰਿਫ ਦੇ ਨਤੀਜੇ ਵਜੋਂ ਭਾਰਤ ਦੇ ਕੁਲ ਆਲਮੀ ਵਪਾਰ ਨਿਰਯਾਤ ਉਤੇ ਸਿਰਫ 1.87 ਫੀ ਸਦੀ ਅਤੇ ਭਾਰਤ ਦੀ ਜੀ.ਡੀ.ਪੀ. ਉਤੇ 0.19 ਫੀ ਸਦੀ ਦਾ ਮਾਮੂਲੀ ਅਸਰ ਪਵੇਗਾ।’’
ਅਧਿਐਨ ’ਚ ਕਿਹਾ ਗਿਆ ਹੈ ਕਿ 2024-25 ’ਚ 86.5 ਅਰਬ ਡਾਲਰ (ਭਾਰਤ ਦੇ ਕੁਲ ਆਲਮੀ ਨਿਰਯਾਤ ਦਾ 1.87 ਫੀ ਸਦੀ) ਦੇ ਵਪਾਰ ਨਿਰਯਾਤ ਦੇ ਆਧਾਰ ਉਤੇ ਕੁਲ ਸੰਭਾਵਤ ਨਿਰਯਾਤ ਪ੍ਰਭਾਵ 8.1 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਅਧਿਐਨ ਅਨੁਸਾਰ ਇਨ੍ਹਾਂ ਟੈਕਸਾਂ ਨਾਲ ਇੰਜੀਨੀਅਰਿੰਗ ਵਸਤੂਆਂ (1.8 ਅਰਬ ਡਾਲਰ), ਰਤਨ ਅਤੇ ਗਹਿਣਿਆਂ (93.2 ਕਰੋੜ ਡਾਲਰ) ਅਤੇ ਰੈਡੀਮੇਡ ਕੱਪੜਿਆਂ (50 ਕਰੋੜ ਡਾਲਰ) ਉਤੇ ਅਸਰ ਪਵੇਗਾ।
ਅਮਰੀਕੀ ਟੈਰਿਫ ਦੇ ਮੱਦੇਨਜ਼ਰ, ਉਦਯੋਗ ਸੰਸਥਾ ਨੇ ਬਾਜ਼ਾਰ ਵਿਚ ਪ੍ਰਵੇਸ਼ ਵਧਾਉਣ, ਉਤਪਾਦ ਵਿਕਾਸ ਅਤੇ ਮਾਰਕੀਟ ਵੰਨ-ਸੁਵੰਨਤਾ ਸਮੇਤ ਕਈ ਉਪਾਵਾਂ ਦੀ ਸਿਫਾਰਸ਼ ਕੀਤੀ ਹੈ। ਇਸ ਨੇ ਸੁਝਾਅ ਦਿਤਾ ਕਿ ਹਿੱਸੇਦਾਰਾਂ ਨੂੰ ਕੁੱਝ ਟੈਰਿਫ ਲਾਗਤ ਨੂੰ ਸਹਿਣ ਕਰਨ ਅਤੇ ਕੀਮਤਾਂ ’ਚ ਮੁਕਾਬਲੇਬਾਜ਼ੀ ਨੂੰ ਬਣਾਈ ਰੱਖਣ ਲਈ ਬੰਡਲ ਦੀ ਕੀਮਤ ਸੌਦੇ (ਕਪੜੇ ਅਤੇ ਹੋਰ ਸਬੰਧਤ ਸਾਮਾਨ) ਉਤੇ ਗੱਲਬਾਤ ਕਰਨੀ ਚਾਹੀਦੀ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਮੌਜੂਦਾ ਉਤਪਾਦ ਪੋਰਟਫੋਲੀਓ ਦੇ ਤਹਿਤ ਮੌਜੂਦਾ ਖਰੀਦਦਾਰਾਂ ਨਾਲ ਮਾਤਰਾ ਵਧਾਉਣ ਲਈ ਭਾਰਤੀ ਪ੍ਰਵਾਸੀ ਨੈੱਟਵਰਕ (ਵਪਾਰ ਮੇਲੇ, ਸਭਿਆਚਾਰਕ ਸਮਾਗਮ) ਦਾ ਲਾਭ ਉਠਾਓ।
ਪੀ.ਐੱਚ.ਡੀ.ਸੀ.ਸੀ.ਆਈ. ਨੇ ਟੈਰਿਫ-ਸੰਵੇਦਨਸ਼ੀਲ ਚੀਜ਼ਾਂ ਦਾ ਉਤਪਾਦਨ ਕਰਨ ਲਈ ਅਮਰੀਕੀ ਫਰਮਾਂ ਨਾਲ ਸਾਂਝੇ ਉੱਦਮਾਂ ਵਿਚ ਨਿਵੇਸ਼ ਦੀ ਜ਼ੋਰਦਾਰ ਵਕਾਲਤ ਕੀਤੀ, ਜਿਸ ਨਾਲ ਨਿਰਯਾਤ ਨੂੰ ਉੱਚ ਮੁੱਲ ਦੀਆਂ ਸੇਵਾਵਾਂ ਅਤੇ ਬੌਧਿਕ ਜਾਇਦਾਦ (ਆਈ.ਪੀ.) ਲਾਇਸੈਂਸਿੰਗ ਵਿਚ ਤਬਦੀਲ ਕੀਤਾ ਗਿਆ। (ਪੀਟੀਆਈ)