
ਪ੍ਰਧਾਨ ਮੰਤਰੀ ਨੂੰ ਪੁੱਛਿਆ - ਕਾਰਵਾਈ ਕਿਉਂ ਨਹੀਂ ਹੋ ਰਹੀ ?
Pawan Kheda News : ਕਾਂਗਰਸ ਨੇ ਸ਼ੁਕਰਵਾਰ ਨੂੰ ਸੇਬੀ ਦੇ ਚੇਅਰਮੈਨ ਮਾਧਬੀ ਬੁਚ ’ਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਕ ਕੰਪਨੀ ਨਾਲ ਜੁੜੀ ਇਕਾਈ ਤੋਂ ਕਿਰਾਏ ਦੀ ਆਮਦਨ ਮਿਲੀ ਸੀ, ਜਿਸ ਨੂੰ ਲੈ ਕੇ ਪੂੰਜੀ ਬਾਜ਼ਾਰ ਰੈਗੂਲੇਟਰ ਇਨਸਾਈਡਰ ਟ੍ਰੇਡਿੰਗ ਸਮੇਤ ਵੱਖ-ਵੱਖ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸਵਾਲ ਕਿਸੇ ਹੋਰ ਨੂੰ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁਛਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਪੂੰਜੀ ਬਾਜ਼ਾਰ ਰੈਗੂਲੇਟਰ ਦਾ ਸਵਾਲ ਹੈ, ਪਾਰਦਰਸ਼ਤਾ ਅਤੇ ਅਖੰਡਤਾ ’ਚ ਗਿਰਾਵਟ ਨੂੰ ਦਰਸਾਉਣ ਲਈ ਕਿੰਨੇ ਹੋਰ ਸਬੂਤਾਂ ਦੀ ਲੋੜ ਹੈ।
ਉਨ੍ਹਾਂ ਕਿਹਾ, ‘‘ਐਨ.ਐਸ.ਈ. ਦੇ ਅੰਕੜਿਆਂ ਅਨੁਸਾਰ ਹੁਣ 10 ਕਰੋੜ ਭਾਰਤੀ ਹਨ ਜਿਨ੍ਹਾਂ ਕੋਲ ਵਿਲੱਖਣ ਪੈਨ ਹੈ ਅਤੇ ਉਨ੍ਹਾਂ ਨੇ ਇਸ ਬਾਜ਼ਾਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਨਿਵੇਸ਼ ਕੀਤਾ ਹੈ। ਕੀ ਉਹ ਬਿਹਤਰ ਦੇ ਹੱਕਦਾਰ ਨਹੀਂ ਹਨ, ਉਹ ਅੱਗੇ ਕਿਉਂ ਨਹੀਂ ਵਧਦੇ, ਉਹ ਕਿਸ ਚੀਜ਼ ਤੋਂ ਡਰਦੇ ਹਨ?’’
ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘‘2018 ਅਤੇ 2024 ਦੇ ਵਿਚਕਾਰ, ਬੁਚ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਪੂਰੇ ਸਮੇਂ ਦੇ ਮੈਂਬਰ ਅਤੇ ਬਾਅਦ ’ਚ ਚੇਅਰਮੈਨ ਵਜੋਂ ਵੋਕਹਾਰਟ ਲਿਮਟਿਡ ਨਾਲ ਜੁੜੀ ਕੰਪਨੀ ਕੈਰੋਲ ਇਨਫੋ ਸਰਵਿਸਿਜ਼ ਲਿਮਟਿਡ ਤੋਂ 2.16 ਕਰੋੜ ਰੁਪਏ ਦੀ ਕਿਰਾਏ ਦੀ ਆਮਦਨ ਮਿਲੀ।’’
ਦਿੱਲੀ ’ਚ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਹੈੱਡਕੁਆਰਟਰ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵੋਕਹਾਰਟ ਲਿਮਟਿਡ ਦੀ ਸੇਬੀ 2023 ਦੌਰਾਨ ਇਨਸਾਈਡਰ ਟ੍ਰੇਡਿੰਗ ਸਮੇਤ ਵੱਖ-ਵੱਖ ਮਾਮਲਿਆਂ ’ਚ ਜਾਂਚ ਕਰ ਰਿਹਾ ਹੈ।
ਖੇੜਾ ਨੇ ਕਿਹਾ ਕਿ ਇਹ ਹਿੱਤਾਂ ਦੇ ਟਕਰਾਅ ਨਾਲ ਜੁੜੇ ਭ੍ਰਿਸ਼ਟਾਚਾਰ ਦਾ ਸਪੱਸ਼ਟ ਮਾਮਲਾ ਹੈ ਅਤੇ ਸੇਬੀ ਬੋਰਡ ਦੇ ਮੈਂਬਰਾਂ ’ਤੇ ਲਾਗੂ ਹਿੱਤਾਂ ਦੇ ਟਕਰਾਅ ਬਾਰੇ 2008 ਦੇ ਕੋਡ ਦੀ ਧਾਰਾ 4, 7 ਅਤੇ 8 ਦੀ ਉਲੰਘਣਾ ਕਰਦਾ ਹੈ।
ਉਨ੍ਹਾਂ ਕਿਹਾ, ‘‘ਸੇਬੀ ਦੇ ਚੇਅਰਮੈਨ ਦੀ ਨਿਯੁਕਤੀ 2 ਮਾਰਚ, 2022 ਨੂੰ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਕੀਤੀ ਸੀ, ਜਿਸ ਦੇ ਪ੍ਰਧਾਨ ਮੰਤਰੀ ਚੇਅਰਮੈਨ ਹਨ। ਕੀ ਉਨ੍ਹਾਂ ਨੂੰ ਇਸ ਸ਼ਰਤ ’ਤੇ ਨਿਯੁਕਤ ਕੀਤਾ ਗਿਆ ਸੀ ਕਿ ਉਹ ਅਪਣੇ ਪਿਛਲੇ ਵਿੱਤੀ ਸਬੰਧਾਂ ਨੂੰ ਕਾਇਮ ਰੱਖ ਸਕਣ, ਬਸ਼ਰਤੇ ਉਹ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਦੀਆਂ ਇੱਛਾਵਾਂ ਅਨੁਸਾਰ ਕੰਮ ਕਰੇ?’’
ਉਨ੍ਹਾਂ ਕਿਹਾ ਕਿ ਸੇਬੀ ਦੇ ਸਾਬਕਾ ਚੇਅਰਮੈਨਾਂ ਨੇ ਵੀ ਇਸ ਅਹੁਦੇ ’ਤੇ ਰਹਿੰਦੇ ਹੋਏ ਅਪਣੀਆਂ ਭੂਮਿਕਾਵਾਂ ਅਤੇ ਪਿਛਲੇ ਅਹੁਦਿਆਂ ’ਤੇ ਹਿੱਤਾਂ ਦੇ ਟਕਰਾਅ ਦੀ ਸੰਭਾਵਨਾ ਤੋਂ ਬਚਣ ਦੀ ਕੋਸ਼ਿਸ਼ ਕੀਤੀ।