
Air Force Air Show : ਨਿਰਜਲੀਕਰਨ ਦੇ ਲੱਛਣਾਂ ਦੇ ਨਾਲ ਲਗਭਗ 35 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ
Air Force Air Show : ਚੇਨਈ : ਮਰੀਨਾ ਬੀਚ ’ਤੇ ਐਤਵਾਰ ਨੂੰ ਭਾਰਤੀ ਹਵਾਈ ਫੌਜ ਦਾ ਏਅਰ ਸ਼ੋਅ ਖਿੱਚ ਦਾ ਕੇਂਦਰ ਰਿਹਾ ਪਰ ਇਸ ਨੂੰ ਵੇਖਣ ਲਈ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਪ੍ਰੋਗਰਾਮ ਤੋਂ ਬਾਅਦ ਘਰ ਪਰਤਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਦਸਿਆ ਕਿ ਦੋ ਵਿਅਕਤੀ ਬਿਮਾਰ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋ ਵਿਅਕਤੀ ਘਰ ਪਰਤਦੇ ਸਮੇਂ ਬਿਮਾਰ ਹੋ ਗਏ ਅਤੇ ਉਨ੍ਹਾਂ ਵਿਚੋਂ ਇਕ ਦੀ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ ਜਦਕਿ ਇਕ ਹੋਰ ਦੀ ਅੰਨਾ ਸਲਾਈ ਦੀ ਵਿਖੇ ਅਪਣੀ ਬਾਈਕ ਨੇੜੇ ਮੌਤ ਹੋ ਗਈ। ਉਨ੍ਹਾਂ ਨੇ ਦਸਿਆ ਕਿ ਨਿਰਜਲੀਕਰਨ ਦੇ ਲੱਛਣਾਂ ਦੇ ਨਾਲ ਲਗਭਗ 35 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਭਾਰਤੀ ਹਵਾਈ ਫ਼ੌਜ (ਆਈ.ਏ.ਐਫ.) ਨੇ ਸਥਾਨਕ ਮਰੀਨਾ ਬੀਚ ਦੇ ਆਕਾਸ਼ ’ਚ ਅਪਣੀ ਹਵਾਈ ਸ਼ਕਤੀ ਅਤੇ ਲੜਾਈ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਭੀੜ ਨੂੰ ਉਤਸ਼ਾਹ ਨਾਲ ਭਰ ਦਿਤਾ। ਨਮੀ ਦੇ ਬਾਵਜੂਦ ਉਹ ਰਾਫੇਲ ਸਮੇਤ ਭਾਰਤੀ ਹਵਾਈ ਫੌਜ ਦੇ ਵੱਖ-ਵੱਖ ਲੜਾਕੂ ਜਹਾਜ਼ਾਂ ਦੀ ਜੰਗੀ ਸਮਰੱਥਾ ਦਾ ਅਨੰਦ ਲੈਣ ਲਈ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ।
ਸੈਂਕੜੇ ਲੋਕ ਨੇੜਲੇ ਲਾਈਟਹਾਊਸ ਮੈਟਰੋ ਸਟੇਸ਼ਨ ਅਤੇ ਵੇਲਾਚੇਰੀ ਦੇ ਚੇਨਈ ਐਮ.ਆਰ.ਟੀ.ਐਸ. ਰੇਲਵੇ ਸਟੇਸ਼ਨ ’ਤੇ ਇਕੱਠੇ ਹੋਏ ਅਤੇ ਕਈਆਂ ਨੂੰ ਪਲੇਟਫਾਰਮਾਂ ’ਤੇ ਖੜ੍ਹੇ ਹੋਣਾ ਵੀ ਮੁਸ਼ਕਲ ਹੋ ਗਿਆ। ਇਸ ਦੇ ਬਾਵਜੂਦ ਕਈ ਲੋਕਾਂ ਨੇ ਜੋਖਮ ਭਰੀ ਯਾਤਰਾ ਕੀਤੀ ਅਤੇ ਕਈ ਲੋਕ ਰੇਲ ਗੱਡੀ ਤੋਂ ਖੁੰਝ ਗਏ।
ਏਅਰ ਸ਼ੋਅ ਵਾਲੀ ਥਾਂ ਦੇ ਨੇੜੇ ਅੰਨਾ ਚੌਕ ਵਿਖੇ ਬੱਸ ਅੱਡੇ ’ਤੇ ਭਾਰੀ ਭੀੜ ਇਕੱਠੀ ਹੋ ਗਈ ਸੀ। ਪੁਲਿਸ ਨੇ ਦਸਿਆ ਕਿ ਤਿੰਨ ਐਂਬੂਲੈਂਸਾਂ ਟ੍ਰੈਫਿਕ ਜਾਮ ’ਚ ਫਸ ਗਈਆਂ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਬਚਾਉਣ ਲਈ ਕਦਮ ਚੁਕੇ ਹਨ।
ਮਰੀਨਾ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ’ਤੇ ਆਵਾਜਾਈ ਰੋਕ ਦਿਤੀ ਗਈ ਸੀ ਅਤੇ ਵਾਹਨ ਕਾਫ਼ੀ ਸਮੇਂ ਲਈ ਇਕ ਜਗ੍ਹਾ ’ਤੇ ਖੜ੍ਹੇ ਸਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦੁਪਹਿਰ 1 ਵਜੇ ਏਅਰ ਸ਼ੋਅ ਖਤਮ ਹੋਣ ਦੇ ਕਰੀਬ ਤਿੰਨ ਘੰਟੇ ਬਾਅਦ ਮਰੀਨਾ ਬੀਚ ਨੇੜੇ ਆਵਾਜਾਈ ਬਹਾਲ ਕਰ ਦਿਤੀ ਗਈ।