
ਹਵਾਈ ਪ੍ਰਦਰਸ਼ਨ ਵਿਚ ਲਗਭਗ 72 ਜਹਾਜ਼ਾਂ ਨੇ ਹਿੱਸਾ ਲਿਆ, ਜਿਸ ਨੂੰ ‘ਲਿਮਕਾ ਬੁੱਕ ਆਫ ਵਰਲਡ ਰੀਕਾਰਡ’ ਵਿਚ ਦਰਜ ਕੀਤਾ ਜਾਵੇਗਾ
ਚੇਨਈ : ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਐਤਵਾਰ ਨੂੰ ਸਥਾਨਕ ਮਰੀਨਾ ਦੇ ਆਕਾਸ਼ ’ਚ ਅਪਣੀ ਹਵਾਈ ਸ਼ਕਤੀ ਅਤੇ ਜੰਗੀ ਹੁਨਰ ਦਾ ਪ੍ਰਦਰਸ਼ਨ ਕਰ ਕੇ ਇਥੇ ਵੱਡੀ ਗਿਣਤੀ ’ਚ ਮੌਜੂਦ ਲੋਕਾਂ ਨੂੰ ਰੋਮਾਂਚਿਤ ਕਰ ਦਿਤਾ। ਨਮੀ ਦੇ ਬਾਵਜੂਦ ਉਹ ਰਾਫੇਲ ਸਮੇਤ ਭਾਰਤੀ ਹਵਾਈ ਫੌਜ ਦੇ ਵੱਖ-ਵੱਖ ਲੜਾਕੂ ਜਹਾਜ਼ਾਂ ਦੇ ਜੰਗੀ ਹੁਨਰ ਦਾ ਅਨੰਦ ਲੈਣ ਲਈ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ।
ਲੜਾਕੂ ਜਹਾਜ਼ਾਂ ਦੇ ਰੋਮਾਂਚਕ ਪ੍ਰਦਰਸ਼ਨ ਨੂੰ ਵੇਖਣ ਲਈ ਦਰਸ਼ਕ ਸਵੇਰੇ 11 ਵਜੇ ਤੋਂ ਹੀ ਮਰੀਨਾ ਬੀਚ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਵਿਚੋਂ ਕਈਆਂ ਨੇ ਅਪਣੇ ਹੱਥਾਂ ਵਿਚ ਛੱਤਰੀਆਂ ਫੜੀਆਂ ਹੋਈਆਂ ਸਨ ਤਾਂ ਜੋ ਉਹ ਖ਼ੁਦ ਨੂੰ ਤਪਦੀ ਧੁੱਪ ਤੋਂ ਬਚਾ ਸਕਣ।
ਪ੍ਰਦਰਸ਼ਨ ਦੀ ਸ਼ੁਰੂਆਤ ਭਾਰਤੀ ਹਵਾਈ ਫੌਜ ਦੀ ਵਿਸ਼ੇਸ਼ ਗਰੂੜ ਫੋਰਸ ਦੇ ਕਮਾਂਡੋਜ਼ ਨੇ ਬੰਧਕਾਂ ਨੂੰ ਛੁਡਾਉਣ ਲਈ ‘ਮੌਕ ਆਪਰੇਸ਼ਨ’ ਪ੍ਰਦਰਸ਼ਿਤ ਕਰਨ ਨਾਲ ਕੀਤੀ।
ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ, ਸੂਬੇ ਦੇ ਵੱਖ-ਵੱਖ ਮੰਤਰੀ, ਚੇਨਈ ਦੀ ਮੇਅਰ ਆਰ. ਪ੍ਰਿਆ ਅਤੇ ਕਈ ਹੋਰ ਪਤਵੰਤੇ ਲਾਈਟ ਹਾਊਸ ਅਤੇ ਚੇਨਈ ਬੰਦਰਗਾਹ ਦੇ ਵਿਚਕਾਰ ਮਰੀਨਾ ਵਿਖੇ ਕਰਵਾਏ 92ਵੇਂ ਆਈ.ਏ.ਐਫ. ਦਿਵਸ ਸਮਾਰੋਹ ’ਚ ਮੌਜੂਦ ਸਨ।
ਸਾਫ ਅਸਮਾਨ ਨੇ ਭਾਰਤੀ ਹਵਾਈ ਫ਼ੌਜ (ਆਈ.ਏ.ਐਫ.) ਨੂੰ ਸ਼ਾਨਦਾਰ ਹਵਾਈ ਪ੍ਰਦਰਸ਼ਨ ਦਿਤਾ। ਰੇਤਲੇ ਸਮੁੰਦਰੀ ਕੰਢੇ ’ਤੇ ਇਕੱਠੇ ਹੋਏ ਲੋਕਾਂ ਨੇ ਦੁਪਹਿਰ 1 ਵਜੇ ਸ਼ੋਅ ਦੇ ਅੰਤ ’ਚ ਆਈ.ਏ.ਐਫ. ਦੇ ਜਹਾਜ਼ਾਂ ਤੋਂ ਹਵਾਈ ਫੋਟੋਗ੍ਰਾਫੀ ਲਈ ਅਪਣੀਆਂ ਛੱਤਰੀਆਂ ਵਿਖਾਈਆਂ।
ਹਵਾਈ ਪ੍ਰਦਰਸ਼ਨ ਵਿਚ ਲਗਭਗ 72 ਜਹਾਜ਼ਾਂ ਨੇ ਹਿੱਸਾ ਲਿਆ, ਜਿਸ ਨੂੰ ‘ਲਿਮਕਾ ਬੁੱਕ ਆਫ ਵਰਲਡ ਰੀਕਾਰਡ’ ਵਿਚ ਦਰਜ ਕੀਤਾ ਜਾਵੇਗਾ।
ਸੁਪਰਸੋਨਿਕ ਲੜਾਕੂ ਜਹਾਜ਼ ਰਾਫੇਲ ਸਮੇਤ ਲਗਭਗ 50 ਲੜਾਕੂ ਜਹਾਜ਼ ਅਸਮਾਨ ’ਚ ਵੱਖ-ਵੱਖ ਰੰਗਾਂ ’ਚ ਚਮਕਣ ਲਈ ਇਕੱਠੇ ਹੋਏ। ਡਕੋਟਾ ਅਤੇ ਹਾਰਵਰਡ, ਤੇਜਸ, ਐਸਯੂ-30 ਅਤੇ ਸਾਰੰਗ ਨੇ ਵੀ ਹਵਾਈ ਸਲਾਮੀ ’ਚ ਹਿੱਸਾ ਲਿਆ। ਸੁਖੋਈ ਐਸ.ਯੂ.-30 ਨੇ ਵੀ ਅਪਣੇ ਕਾਰਨਾਮੇ ਵਿਖਾਏ।
ਦੇਸ਼ ਦੇ ਮਾਣ ਅਤੇ ਸਵਦੇਸ਼ੀ ਤੌਰ ’ਤੇ ਬਣੇ ਅਤਿ ਆਧੁਨਿਕ ਤੇਜਸ ਅਤੇ ਹੈਲੀਕਾਪਟਰ ਪ੍ਰਚੰਡ ਨੇ ਵੀ 21 ਸਾਲਾਂ ਦੇ ਅੰਤਰਾਲ ਤੋਂ ਬਾਅਦ ਚੇਨਈ ’ਚ ਆਯੋਜਿਤ ਏਅਰ ਸ਼ੋਅ ’ਚ ਹਿੱਸਾ ਲਿਆ।
ਲੋਕਾਂ ਨੂੰ ਘਰ ਪਰਤਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
ਚੇਨਈ : ਮਰੀਨਾ ਬੀਚ ’ਤੇ ਭਾਰਤੀ ਹਵਾਈ ਫੌਜ ਦਾ ਏਅਰ ਸ਼ੋਅ ਇਕ ਖਿੱਚ ਦਾ ਕੇਂਦਰ ਰਿਹਾ ਪਰ ਇਸ ਨੂੰ ਵੇਖਣ ਲਈ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਪ੍ਰੋਗਰਾਮ ਤੋਂ ਬਾਅਦ ਘਰ ਪਰਤਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸੈਂਕੜੇ ਲੋਕ ਨੇੜਲੇ ਲਾਈਟਹਾਊਸ ਮੈਟਰੋ ਸਟੇਸ਼ਨ ਅਤੇ ਵੇਲਾਚੇਰੀ ਦੇ ਚੇਨਈ ਐਮ.ਆਰ.ਟੀ.ਐਸ. ਰੇਲਵੇ ਸਟੇਸ਼ਨ ’ਤੇ ਇਕੱਠੇ ਹੋਏ ਅਤੇ ਕਈਆਂ ਨੂੰ ਪਲੇਟਫਾਰਮਾਂ ’ਤੇ ਖੜ੍ਹੇ ਹੋਣਾ ਵੀ ਮੁਸ਼ਕਲ ਹੋ ਗਿਆ। ਇਸ ਦੇ ਬਾਵਜੂਦ ਕਈ ਲੋਕਾਂ ਨੇ ਜੋਖਮ ਭਰੀ ਯਾਤਰਾ ਕੀਤੀ ਅਤੇ ਕਈ ਲੋਕ ਰੇਲ ਗੱਡੀ ਤੋਂ ਖੁੰਝ ਗਏ।
ਏਅਰ ਸ਼ੋਅ ਵਾਲੀ ਥਾਂ ਦੇ ਨੇੜੇ ਅੰਨਾ ਚੌਕ ਵਿਖੇ ਬੱਸ ਅੱਡੇ ’ਤੇ ਭਾਰੀ ਭੀੜ ਇਕੱਠੀ ਹੋ ਗਈ ਸੀ। ਪੁਲਿਸ ਨੇ ਦਸਿਆ ਕਿ ਤਿੰਨ ਐਂਬੂਲੈਂਸਾਂ ਟ੍ਰੈਫਿਕ ਜਾਮ ’ਚ ਫਸ ਗਈਆਂ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਬਚਾਉਣ ਲਈ ਕਦਮ ਚੁਕੇ ਹਨ।
ਮਰੀਨਾ ’ਚ ਭਾਜੜ ਵਰਗੀ ਸਥਿਤੀ ਬਣੀ ਹੋਈ ਸੀ ਅਤੇ ਗਰਮ ਮੌਸਮ ਕਾਰਨ ਕਰੀਬ 12 ਲੋਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦਾ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਮਰੀਨਾ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ’ਤੇ ਆਵਾਜਾਈ ਰੋਕ ਦਿਤੀ ਗਈ ਸੀ ਅਤੇ ਵਾਹਨ ਕਾਫ਼ੀ ਸਮੇਂ ਲਈ ਇਕ ਜਗ੍ਹਾ ’ਤੇ ਖੜ੍ਹੇ ਸਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦੁਪਹਿਰ 1 ਵਜੇ ਏਅਰ ਸ਼ੋਅ ਖਤਮ ਹੋਣ ਦੇ ਕਰੀਬ ਤਿੰਨ ਘੰਟੇ ਬਾਅਦ ਮਰੀਨਾ ਬੀਚ ਨੇੜੇ ਆਵਾਜਾਈ ਬਹਾਲ ਕਰ ਦਿਤੀ ਗਈ।