ਪਛਮੀ ਏਸ਼ੀਆ ’ਚ ਚੱਲ ਰਹੇ ਸੰਘਰਸ਼ ’ਤੇ ਪ੍ਰਗਟਾਈ ਚਿੰਤਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰੀਕ, ਕੁਵੈਤ ਦੇ ਕਰਾਊਨ ਪ੍ਰਿੰਸ ਸ਼ੇਖ ਸਬਾਹ ਅਲ-ਖਾਲਿਦ ਅਲ-ਹਮਾਦ ਅਲ-ਮੁਬਾਰਕ ਅਲ-ਸਬਾਹ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ ਥਾਨੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਕਾਰਨ ਹੋ ਰਹੇ ਹਮਲਿਆਂ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਉਥੇ ਰਹਿੰਦੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਮੋਦੀ ਨੇ ਕਿਹਾ, ‘‘ਭਾਰਤ ਅਪਣੇ ਭਰਾਵਾਂ ਦੇ ਨਾਲ ਖੜਾ ਹੈ। ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਸਾਡੀ ਪਹਿਲੀ ਤਰਜੀਹ ਹੈ।’’ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਅਮਰੀਕਾ ਅਤੇ ਇਸਰਾਇਲ ਵਲੋਂ ਇਰਾਨ ’ਤੇ ਵੱਡਾ ਹਮਲਾ ਕੀਤਾ ਗਿਆ, ਜਿਸ ਵਿਚ ਇਰਾਨ ਦੇ ਸਰਵੋਚ ਨੇਤਾ ਆਯਤੁੱਲਾਹ ਅਲੀ ਖ਼ਾਮਨਈ ਮਾਰੇ ਗਏ। ਇਸ ਦੇ ਜਵਾਬ ਵਿਚ ਇਰਾਨ ਨੇ ਇਸਰਾਇਲ ਅਤੇ ਅਮਰੀਕੀ ਫ਼ੌਜ ਦੇ ਠਿਕਾਣਿਆਂ ’ਤੇ ਡਰੋਨ ਅਤੇ ਮਿਸਾਈਲ ਹਮਲੇ ਕੀਤੇ।
ਪਿਛਲੇ ਦੋ ਦਿਨਾਂ ਵਿਚ ਮੋਦੀ ਨੇ ਬਹਿਰੀਨ ਦੇ ਰਾਜਾ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ, ਯੂ.ਏ.ਈ. ਦੇ ਰਾਸ਼ਟਰਪਤੀ ਅਤੇ ਇਸਰਾਇਲੀ ਪ੍ਰਧਾਨ ਮੰਤਰੀ ਨਾਲ ਵੀ ਸੰਪਰਕ ਕੀਤਾ ਹੈ। ਕੈਬਿਨੇਟ ਕਮੇਟੀ ਆਨ ਸਿਕਿਊਰਿਟੀ ਨੇ ਵੀ ਭਾਰਤੀ ਪ੍ਰਵਾਸੀ ਭਾਈਚਾਰੇ ਦੀ ਸੁਰੱਖਿਆ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਸਰਕਾਰੀ ਬਿਆਨ ਵਿਚ ਕਿਹਾ ਗਿਆ, ‘‘ਭਾਰਤ ਨੇ ਹਮੇਸ਼ਾ ਸੰਕਟ ਦੇ ਸਮੇਂ ਅਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆ ਹੈ ਅਤੇ ਇਸ ਵਾਰ ਵੀ ਹਰ ਸੰਭਵ ਕਦਮ ਚੁਕਿਆ ਜਾਵੇਗਾ।’’
